ਨੌਕਰੀ ਦੀ ਉਡੀਕ ''ਚ ਬੈਠੇ ਨੌਜਵਾਨ ਕਰ ਲੈਣ ਤਿਆਰੀ, ਪੰਜਾਬ ਕੈਬਨਿਟ ਨੇ ਦਿੱਤੀ ਪ੍ਰਵਾਨਗੀ
Tuesday, Oct 08, 2024 - 06:30 PM (IST)
ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਰਿਹਾਇਸ਼ ਵਿਖੇ ਹੋਈ ਹੈ। ਮੰਤਰੀ ਮੰਡਲ ਨੇ ਪੰਜਾਬ ਵਿਚ ਐੱਨ.ਸੀ.ਸੀ. ਦੇ ਕਾਰਜਾਂ ਨੂੰ ਸੁਚਾਰੂ ਅਤੇ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਵਿਚ ਐੱਨ.ਸੀ.ਸੀ. ਮੁੱਖ ਦਫ਼ਤਰਾਂ, ਯੂਨਿਟਾਂ ਅਤੇ ਕੇਂਦਰਾਂ ਲਈ ਪੈਸਕੋ ਦੁਆਰਾ ਆਊਟਸੋਰਸਿੰਗ ਰਾਹੀਂ 166 ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਮਕਸਦ ਵਿੱਤੀ ਸਾਲ 2024-25 ਲਈ ਐੱਨ.ਸੀ.ਸੀ. ਗਤੀਵਿਧੀਆਂ ਨੂੰ ਸੁਚਾਰੂ ਰੂਪ ਵਿਚ ਯਕੀਨੀ ਬਣਾਉਣਾ ਹੈ। ਇਸ ਕਦਮ ਨਾਲ ਐੱਨ.ਸੀ.ਸੀ. ਯੂਨਿਟਾਂ ਦੇ ਕੰਮਕਾਜ ਨੂੰ ਹੋਰ ਪ੍ਰਭਾਵੀ ਬਣਾਉਣ ਵਿਚ ਮਦਦ ਮਿਲੇਗੀ ਜਿਸ ਨਾਲ ਸੂਬੇ ਵਿਚ ਐੱਨ.ਸੀ.ਸੀ. ਕੈਡਿਟਾਂ ਦੀ ਕਾਰਜਕੁਸ਼ਲਤਾ ਵਧੇਗੀ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲੇ
ਜਨਤਕ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਜਾਂ ਰੈਗੂਲਰ ਕਰਨ ਲਈ ਨੀਤੀ ਘੜਨ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਮਿਊਂਸਪਲ/ਸਰਕਾਰੀ ਜ਼ਮੀਨਾਂ ਅਤੇ ਸਰਕਾਰੀ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਡਿਸਪੈਂਸਰੀਆਂ, ਪੁਲਸ ਸਟੇਸ਼ਨਾਂ ਆਦਿ ਉਤੇ ਕੀਤੇ ਗਏ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ/ਰੈਗੂਲਰ ਕਰਨ ਬਾਰੇ ਨੀਤੀ ਘੜਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਦਮ ਨਾਲ ਮਿਊਂਸਪਲ/ਜਨਤਕ ਜ਼ਮੀਨਾਂ ਉਤੇ ਕਬਜ਼ਿਆਂ ਦੇ ਵਿਵਾਦ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਪੁਲਸ ਵਿਭਾਗ ਵਿਚ ਸਟੈਨੋਗ੍ਰਾਫ਼ੀ ਕਾਡਰ ਦੇ ਪੁਨਰਗਠਨ ਨੂੰ ਪ੍ਰਵਾਨਗੀ
ਮੰਤਰੀ ਮੰਡਲ ਨੇ ਪੁਲਸ ਵਿਭਾਗ ਦੇ ਦਫ਼ਤਰੀ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਸਟੈਨੋਗ੍ਰਾਫ਼ੀ ਕਾਡਰ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਬਦਲੇ ਹਾਲਾਤ ਕਾਰਨ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਕਾਰਨ ਪੁਲਸ ਵਿਭਾਗ ਵਿਚ ਕਈ ਨਵੇਂ ਵਿੰਗ ਅਤੇ ਬਟਾਲੀਅਨਾਂ ਦੇ ਨਾਲ-ਨਾਲ ਸੀਨੀਅਰ ਅਧਿਕਾਰੀਆਂ ਦੀਆਂ ਅਸਾਮੀਆਂ ਸਿਰਜੀਆਂ ਗਈਆਂ ਹਨ ਪਰ ਸਟੈਨੋਗ੍ਰਾਫ਼ੀ ਕਾਡਰ ਦੇ ਕਰਮਚਾਰੀਆਂ ਦੀ ਗਿਣਤੀ ਪਹਿਲਾਂ ਜਿੰਨੀ ਹੀ ਸੀ। ਇਸ ਮੁੱਦੇ ਦੇ ਹੱਲ ਲਈ ਕੈਬਨਿਟ ਨੇ ਸੀਨੀਅਰ ਸਕੇਲ ਸਟੈਨੋਗ੍ਰਾਫ਼ਰਾਂ ਦੀਆਂ 10 ਅਤੇ ਸਟੈਨੋ ਟਾਈਪਿਸਟਾਂ ਦੀਆਂ ਛੇ ਅਸਾਮੀਆਂ ਖ਼ਤਮ ਕਰ ਕੇ ਇਸੇ ਕਾਡਰ ਵਿਚ ਪ੍ਰਾਈਵੇਟ ਸਕੱਤਰ ਅਤੇ ਨਿੱਜੀ ਸਹਾਇਕ ਦੀਆਂ 10 ਅਸਾਮੀਆਂ ਕਾਇਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨਾਲ ਜਿੱਥੇ ਦਫ਼ਤਰੀ ਕੰਮਕਾਜ ਵਿਚ ਕੁਸ਼ਲਤਾ ਆਵੇਗੀ, ਜਦੋਂ ਕਿ ਇਸ ਨਾਲ ਸੂਬਾਈ ਖ਼ਜ਼ਾਨੇ ਵਿਚ ਵਾਧੂ ਬੋਝ ਨਹੀਂ ਪਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਸ਼ਿਆਰਪੁਰ ਜੇਲ੍ਹ 'ਚੋਂ ਮੁਲਜ਼ਮਾਂ ਨੂੰ ਪੇਸ਼ੀ 'ਤੇ ਲੈ ਕੇ ਜਾ ਰਹੇ ਦੋ ਥਾਣੇਦਾਰਾਂ ਦੀਆਂ ਮਿਲੀਆਂ ਲਾਸ਼ਾਂ
ਆਈ.ਟੀ.ਆਈਜ਼ ਵਿਚ ਕਰਾਫਟ ਇੰਸਟ੍ਰਕਟਰਾਂ ਦੀ ਭਰਤੀ ਲਈ ਵਿੱਦਿਅਕ ਯੋਗਤਾ ਵਿਚ ਸੋਧ ਨੂੰ ਮਨਜ਼ੂਰੀ
ਕੈਬਨਿਟ ਨੇ ਸਨਅਤੀ ਟਰੇਨਿੰਗ ਸੰਸਥਾਵਾਂ (ਆਈ.ਟੀ.ਆਈਜ਼) ਵਿਚ ਕਰਾਫਟ ਇੰਸਟ੍ਰਕਟਰ ਦੀ ਭਰਤੀ ਲਈ ਵਿੱਦਿਅਕ ਯੋਗਤਾ ਵਿਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨਾਲ ਆਈ.ਟੀ.ਆਈਜ਼. ਵਿਚ ਯੋਗ ਇੰਸਟ੍ਰਕਟਰਾਂ ਦੀ ਭਰਤੀ ਹੋਣੀ ਯਕੀਨੀ ਬਣੇਗੀ, ਜਿਸ ਨਾਲ ਸੂਬੇ ਦੇ ਨੌਜਵਾਨ ਨੂੰ ਮਿਲਦੀ ਉਦਯੋਗਿਕ ਸਿਖਲਾਈ ਵਿਚ ਸੁਧਾਰ ਹੋਵੇਗਾ। ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਸਾਵਧਾਨ, ਜਾਰੀ ਹੋ ਗਿਆ ਅਲਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8