ਦਿੱਲੀ ’ਚ ‘ਆਪ’ ਦੀ ਸਰਕਾਰ: ਪੰਜਾਬ ਦੀਆਂ ‘ਵੋਲਵੋ ਬੱਸਾਂ’ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਨਹੀਂ ਮਿਲੀ ‘ਅਪਰੂਵਲ’

05/14/2022 3:53:56 PM

ਜਲੰਧਰ (ਪੁਨੀਤ)–ਕਰੋੜਾਂ ਰੁਪਏ ਖ਼ਰਚ ਕਰਕੇ ਦਿੱਲੀ ਏਅਰਪੋਰਟ ਲਈ ਸ਼ੁਰੂ ਕੀਤੀ ਗਈ ‘ਵੋਲਵੋ ਬੱਸ’ ਸਰਵਿਸ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਜਿਹੀ ਉਮੀਦ ਜਾਗੀ ਸੀ ਕਿ ਪੰਜਾਬ ਦੀਆਂ ਵੋਲਵੋ ਬੱਸਾਂ ਦਾ ਦਿੱਲੀ ਏਅਰਪੋਰਟ ਜਾਣ ਦਾ ਰਸਤਾ ਸਾਫ ਹੋ ਜਾਵੇਗਾ ਕਿਉਂਕਿ ਦਿੱਲੀ ਵਿਚ ਵੀ ‘ਆਪ’ ਦੀ ਸਰਕਾਰ ਹੈ। ਹੁਣ ਪੰਜਾਬ ਵਿਚ ‘ਆਪ’ ਦੀ ਸਰਕਾਰ ਨੂੰ ਬਣਿਆਂ 2 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ‘ਵੋਲਵੋ ਬੱਸਾਂ’ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ‘ਅਪਰੂਵਲ’ ਨਹੀਂ ਮਿਲ ਸਕੀ। ਇਸ ਕਾਰਨ ਏਅਰਪੋਰਟ ’ਤੇ ਜਾਣ ਵਾਲੇ ਯਾਤਰੀਆਂ ਨੂੰ 3 ਗੁਣਾ ਕਿਰਾਇਆ ਖ਼ਰਚ ਕਰਕੇ ਪ੍ਰਾਈਵੇਟ ਬੱਸਾਂ ਜ਼ਰੀਏ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਮਾਹਿਰ ਕਹਿੰਦੇ ਹਨ ਕਿ ਦਿੱਲੀ ਵਿਚ ‘ਆਪ’ ਦੀ ਸਰਕਾਰ ਹੈ ਅਤੇ ਪਿਛਲੇ ਦਿਨੀਂ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਵਿਚਕਾਰ ਨਾਲੇਜ ਸ਼ੇਅਰਿੰਗ ਐਗਰੀਮੈਂਟ ਵੀ ਹੋ ਚੁੱਕਾ ਹੈ, ਇਸ ਕਾਰਨ ਅਧਿਕਾਰੀਆਂ ਦਾ ਦਿੱਲੀ ਆਉਣ-ਜਾਣ ਲੱਗਾ ਰਹਿੰਦਾ ਹੈ। ਇਸ ਕਰਕੇ ਬੱਸਾਂ ਨੂੰ ਏਅਰਪੋਰਟ ਜਾਣ ਦੀ ਫਾਈਲ ਰਾਹ ਵਿਚ ਰੁਕਣੀ ਨਹੀਂ ਚਾਹੀਦੀ। ਪੰਜਾਬ ਦੀਆਂ ਬੱਸਾਂ ਦੇ ਦਿੱਲੀ ਏਅਰਪੋਰਟ ਤੱਕ ਜਾਣ ਨਾਲ ਦਿੱਲੀ ਸਰਕਾਰ ਨੂੰ ਵੀ ਫਾਇਦਾ ਹੈ ਕਿਉਂਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ ਵਧੇਰੇ ਪੰਜਾਬ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ: ਮੁਫ਼ਤ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਕਪੂਰਥਲਾ

ਵਿਭਾਗ ਨੇ ਸ਼ੁਰੂਆਤੀ ਯੋਜਨਾ ਵਿਚ 20 ਤੋਂ ਵੱਧ ਬੱਸਾਂ ਚਲਾਉਣ ਦਾ ਫ਼ੈਸਲਾ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਟ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਸੂਬੇ ਦਾ ਕੋਈ ਵੀ ਹਿੱਸਾ ਇਸ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ। ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਠਾਨਕੋਟ ਤੋਂ ਇਲਾਵਾ ਹੁਸ਼ਿਆਰਪੁਰ, ਨਵਾਂਸ਼ਹਿਰ, ਮੋਗਾ, ਮੁਕਤਸਰ, ਫਿਰੋਜ਼ਪੁਰ ਆਦਿ ਇਲਾਕਿਆਂ ਵਿਚ ਵੋਲਵੋ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਵਿਭਾਗ ਦੀ ਕੋਸ਼ਿਸ਼ ਹੈ ਕਿ ਮੁੱਖ ਰੂਟਾਂ ਤੋਂ ਇਲਾਵਾ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਯਾਤਰੀਆਂ ਨੂੰ ਵੀ ਇਨ੍ਹਾਂ ਵੋਲਵੋ ਬੱਸਾਂ ਜ਼ਰੀਏ ਸਹੂਲਤ ਦਿੱਤੀ ਜਾਵੇਗੀ। ਪੰਜਾਬ ਦੀਆਂ ਵੋਲਵੋ ਬੱਸਾਂ ਦਾ ਕਿਰਾਇਆ 1000 ਰੁਪਏ ਦੇ ਲਗਭਗ ਹੈ, ਜਦਕਿ ਪ੍ਰਾਈਵੇਟ ਬੱਸਾਂ ਵਿਚ ਯਾਤਰੀਆਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਲਈ 3000 ਰੁਪਏ ਤੱਕ ਅਦਾ ਕਰਨੇ ਪੈ ਰਹੇ ਹਨ, ਜੋ ਕਿ ਪੰਜਾਬ ਦੀਆਂ ਬੱਸਾਂ ਦੇ ਕਿਰਾਏ ਤੋਂ 3 ਗੁਣਾ ਜ਼ਿਆਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਅਪਰੂਵਲ ਨੂੰ ਸਮਾਂ ਲੱਗਦਾ ਹੈ, ਜਿਸ ਕਾਰਨ ਸਰਕਾਰ ਬਣਨ ਦੇ ਤੁਰੰਤ ਬਾਅਦ ਬੱਸਾਂ ਦਾ ਚੱਲ ਪਾਉਣਾ ਸੰਭਵ ਨਹੀਂ ਸੀ ਪਰ 2 ਮਹੀਨੇ ਬੀਤਣ ਦੇ ਬਾਵਜੂਦ ਅਪਰੂਵਲ ਨਾ ਮਿਲਣੀ ਹੈਰਾਨੀ ਵਾਲੀ ਗੱਲ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਸਰਕਾਰਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਵਿਭਾਗੀ ਤੌਰ ’ਤੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਸਮੇਂ ਪੰਜਾਬ ਦੇ ਕਈ ਡਿਪੂਆਂ ’ਚ ਵੋਲਵੋ ਬੱਸਾਂ ਖੜ੍ਹੀਆਂ ਹਨ ਅਤੇ ਉਨ੍ਹਾਂ ਦੀ ਆਵਾਜਾਈ ਨਾ ਹੋਣ ਕਾਰਨ ਇਹ ਬੱਸਾਂ ਧੂੜ ਫੱਕ ਰਹੀਆਂ ਹਨ। ਪਨਬੱਸ-ਪੀ. ਆਰ.ਟੀ. ਸੀ. ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਪ੍ਰਤੀ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਯਾਤਰੀਆਂ ਨੂੰ ਮਹਿੰਗੇ ਕਿਰਾਏ ਤੋਂ ਨਿਜਾਤ ਮਿਲ ਸਕੇ। ਹੁਣ ਦੇਖਣਾ ਹੋਵੇਗਾ ਕਿ ਇਸ ਅਪਰੂਵਲ ਲਈ ਹੋਰ ਕਿੰਨੀ ਉਡੀਕ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ:  ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ

ਖ਼ਰਚ ਕੱਢ ਕੇ ਰੋਜ਼ਾਨਾ ਹੋਵੇਗੀ 10 ਲੱਖ ਤੋਂ ਵੱਧ ਆਮਦਨ
ਮਹਿਕਮੇ ਨੇ ਸ਼ੁਰੂਆਤ ’ਚ ਪੰਜਾਬ ਦੇ ਸਾਰੇ ਡਿਪੂਆਂ ਨੂੰ ਮਿਲਾ ਕੇ 20 ਬੱਸਾਂ ਚਲਾਉਣ ਦਾ ਫ਼ੈਸਲਾ ਲਿਆ ਹੈ। ਇਕ ਬੱਸ ਵਿਚ ਯਾਤਰੀਆਂ ਦੀਆਂ 43 ਸੀਟਾਂ ਹੁੰਦੀਆਂ ਹਨ ਅਤੇ ਰੁਟੀਨ ਵਿਚ ਇਸ ਬੱਸ ਵਿਚ ਸੀਟਾਂ ਫੁੱਲ ਰਹਿੰਦੀਆਂ ਹਨ। ਇਕ ਬੱਸ 86 ਹਜ਼ਾਰ ਰੁਪਏ ਦੀ ਕੁਲੈਕਸ਼ਨ ਕਰਦੀ ਹੈ ਤਾਂ 20 ਹਜ਼ਾਰ ਰੁਪਏ ਡੀਜ਼ਲ, ਏਅਰਪੋਰਟ ਚਾਰਜਿਜ਼, ਟੋਲ ਟੈਕਸ, ਅੱਡਾ ਪਰਚੀ ਅਤੇ ਹੋਰ ਟੈਕਸ ਕੱਢ ਕੇ ਲਗਭਗ ਬੱਸ 50 ਹਜ਼ਾਰ ਰੁਪਏ ਤੋਂ ਵੱਧ ਰਕਮ ਕਮਾਵੇਗੀ। ਸ਼ੁਰੂਆਤ ਵਿਚ ਜੇਕਰ ਵਿਭਾਗ 20 ਬੱਸਾਂ ਚਲਾਉਂਦਾ ਹੈ ਤਾਂ ਉਸਨੂੰ ਸਾਰੇ ਖਰਚ ਕੱਢ ਕੇ 10 ਲੱਖ ਰੁਪਏ ਬਚਣਗੇ। ਇਸ ਨਾਲ ਵਿਭਾਗ ਨੂੰ ਤੰਗੀ ਦੇ ਇਸ ਹਾਲਾਤ ਵਿਚ ਬਹੁਤ ਰਾਹਤ ਮਿਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਲਵੋ ਬੱਸਾਂ ਜਲਦ ਤੋਂ ਜਲਦ ਸ਼ੁਰੂ ਹੋਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ ’ਤੇ ਮਿਲੇ ਬੰਬ ਦੇ ਇਨਪੁੱਟ, ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News