ਤਨਖਾਹ ਜਲਦ ਰਿਲੀਜ਼ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ: ਕੁਮਾਰ

Sunday, Apr 22, 2018 - 06:09 PM (IST)

ਤਨਖਾਹ ਜਲਦ ਰਿਲੀਜ਼ ਨਾ ਕੀਤੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ: ਕੁਮਾਰ

ਜਲੰਧਰ (ਵਰਿਆਣਾ)— ਪੰਜਾਬ ਰੋਡਵੇਜ਼ ਦੇ ਸਮੂਹ ਵਰਕਰਾਂ ਦੀ ਮੀਟਿੰਗ ਬੱਸ ਸਟੈਂਡ (ਜਲੰਧਰ) ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸਾਥੀ ਸਲਵਿੰਦਰ ਕੁਮਾਰ ਸੂਬਾ ਪ੍ਰਧਾਨ ਨੇ ਕੀਤੀ। ਇਸ ਮੀਟਿੰਗ 'ਚ ਗੰਭੀਰ ਮਸਲੇ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ 'ਚ ਪੰਜਾਬ ਰੋਡਵੇਜ਼ 'ਚ ਪੱਕੇ ਕਰਮਚਾਰੀ ਜੋ ਕਿ ਪਿਛਲੇ 25-28 ਸਾਲਾਂ ਤੋਂ ਬਤੌਰ ਵਾਸ਼ਿੰਗ ਬੁਆਏ ਕੰਮ ਕਰ ਰਹੇ ਹਨ, ਪਿਛਲੇ ਦਸ ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਹਨ। ਪਿਛਲੇ ਸਮੇਂ ਦੌਰਾਨ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਕਈ ਵਾਰ ਲਿਖ ਕੇ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਦਿੱਤਾ ਹੈ ਪਰ ਸਰਕਾਰ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਨ ਲਈ ਕੋਈ ਉਪਰਾਲਾ ਨਹੀਂ ਕਰ ਰਹੀ। 
ਪੰਜਾਬ ਰੋਡਵੇਜ਼ (ਹੈੱਡ ਆਫਿਸ) ਦੇ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ ਨਾ ਮਿਲਣ 'ਚ ਗਲਤੀ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਉਪਰੋਕਤ ਕਰਮਚਾਰੀਆਂ ਵੱਲ ਧਿਆਨ ਦਿੰਦੇ ਹੋਏ ਇਨ੍ਹਾਂ ਦੀ ਤਨਖਾਹ ਰਿਲੀਜ਼ ਕੀਤੀ ਜਾਵੇ। ਜੇਕਰ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਨਾ ਕੀਤੀ ਤਾਂ ਕਰਮਚਾਰੀ ਅਗਲਾ ਸਖਤ ਐਕਸ਼ਨ ਚੰਡੀਗੜ੍ਹ ਸੈਕਟਰ-17 ਵਿਖੇ ਉਲੀਕਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮਵਾਰੀ ਸਰਕਾਰ ਦੀ ਹੋਵੇਗੀ। ਸਮੁੱਚੀ ਐਕਸ਼ਨ ਕਮੇਟੀ ਵੱਲੋਂ 26 ਅਪ੍ਰੈਲ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਫੇਜ਼-6 'ਚ ਕੀਤਾ ਜਾਵੇਗਾ। ਇਸ ਮੀਟਿੰਗ 'ਚ ਮਨਜੀਤ ਸਿੰਘ ਪ੍ਰਧਾਨ, ਵਿਨੋਦ ਕੁਮਾਰ ਸੈਕਟਰੀ, ਸੁਖਵਿੰਦਰ ਸਿੰਘ, ਰਮਨਦੀਪ ਸਿੰਘ ਅਤੇ ਸਤਪਾਲ ਨੇ ਹਿੱਸਾ ਲਿਆ।


Related News