ਜਲੰਧਰ: ਹੜਤਾਲ ’ਤੇ ਗਏ 6600 ਠੇਕਾ ਕਰਮਚਾਰੀ: 3000 ਬੱਸਾਂ ਦਾ ਚੱਕਾ ਜਾਮ, ਯਾਤਰੀ ਪ੍ਰੇਸ਼ਾਨ
Sunday, Aug 14, 2022 - 03:24 PM (IST)
ਜਲੰਧਰ (ਪੁਨੀਤ)– ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪਨਬੱਸ ਅਤੇ ਪੀ. ਆਰ. ਟੀ. ਸੀ. ਯੂਨੀਅਨ ਸ਼ਨੀਵਾਰ ਰਾਤ 12 ਵਜੇ ਤੋਂ 3 ਦਿਨਾਂ ਦੀ ਹੜਤਾਲ ’ਤੇ ਚਲੀ ਗਈ। ਇਸ ਕਾਰਨ 3000 ਦੇ ਲਗਭਗ ਬੱਸਾਂ ਦਾ ਚੱਕਾ ਜਾਮ ਹੋ ਚੁੱਕਾ ਹੈ ਅਤੇ 6600 ਕਰਮਚਾਰੀ ਕੰਮ ਛੱਡ ਕੇ ਹੜਤਾਲ ’ਤੇ ਬੈਠ ਗਏ ਹਨ। ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਕਾਰਨ ਯੂਨੀਅਨ ਨਾਲ ਸਬੰਧਤ ਕਰਮਚਾਰੀਆਂ ਨੇ ਅੰਤਰਰਾਜੀ ਬੱਸਾਂ ਦੀ ਆਵਾਜਾਈ ਤੋਂ ਨਾਂਹ ਕਰ ਦਿੱਤੀ ਅਤੇ ਸ਼ਾਮ ਨੂੰ ਬੱਸਾਂ ਨੂੰ ਡਿਪੂ ਵਿਚ ਬੰਦ ਕਰ ਦਿੱਤਾ। ਇਸ ਕਾਰਨ ਜੰਮੂ, ਹਿਮਾਚਲ, ਦਿੱਲੀ, ਅੰਬਾਲਾ, ਉਤਰਾਖੰਡ ਆਦਿ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਾਮ ਤੋਂ ਬਾਅਦ ਕਰਮਚਾਰੀਆਂ ਨੇ ਡਿਊਟੀ ਜੁਆਇਨ ਨਹੀਂ ਕੀਤੀ, ਜਿਸ ਕਾਰਨ ਪੰਜਾਬ ਅੰਦਰ ਚੱਲਣ ਵਾਲੀਆਂ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ।
ਬੱਸ ਅੱਡੇ ਵਿਚ ਖਾਲੀ ਕਾਊਂਟਰ ਯਾਤਰੀਆਂ ਦੀ ਪ੍ਰੇਸ਼ਾਨੀ ਦੇ ਹਾਲਾਤ ਬਿਆਨ ਕਰ ਰਹੇ ਸਨ ਅਤੇ ਪ੍ਰਾਈਵੇਟ ਬੱਸਾਂ ਵਿਚ ਭਾਰੀ ਰਸ਼ ਵੇਖਣ ਨੂੰ ਮਿਲ ਰਿਹਾ ਸੀ। ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ ਵਿਚ ਖੜ੍ਹੇ ਹੋ ਕੇ ਸਫਰ ਕਰਨ ’ਤੇ ਮਜਬੂਰ ਹੋਣਾ ਪਿਆ, ਜਿਸ ਕਾਰਨ ਲੋਕ ਸਰਕਾਰ ਦੀਆਂ ਨੀਤੀਆਂ ਨੂੰ ਭੰਡਦੇ ਰਹੇ। ਪੈਂਡਿੰਗ ਮੰਗਾਂ ਨੂੰ ਲੈ ਕੇ ਕੀਤੀ ਗਈ ਇਹ ਹੜਤਾਲ 14 ਤੋਂ ਲੈ ਕੇ 16 ਅਗਸਤ ਤੱਕ ਚੱਲੇਗੀ। 3 ਦਿਨ ਚੱਲਣ ਵਾਲੀ ਇਸ ਹੜਤਾਲ ਦੌਰਾਨ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਪੀ. ਆਰ. ਟੀ. ਸੀ. ਯੂਨੀਅਨ ਵੱਲੋਂ ਘਿਰਾਓ-ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਨੂੰ ਮਨਾਉਣ ਲਈ ਅੱਜ ਸਾਰਾ ਦਿਨ ਕੋਸ਼ਿਸ਼ਾਂ ਚੱਲਦੀਆਂ ਰਹੀਆਂ ਪਰ ਗੱਲਬਾਤ ਬੇਨਤੀਜਾ ਰਹੀ, ਜਿਸ ਕਾਰਨ ਕਰਮਚਾਰੀ ਹੜਤਾਲ ’ਤੇ ਜਾ ਚੁੱਕੇ ਹਨ। ਇਸ ਕਾਰਨ ਆਉਣ ਵਾਲੇ 3 ਦਿਨ ਯਾਤਰੀਆਂ ਲਈ ਭਾਰੀ ਪ੍ਰੇਸ਼ਾਨੀਆਂ ਵਾਲੇ ਸਾਬਿਤ ਹੋਣਗੇ।
ਇਹ ਵੀ ਪੜ੍ਹੋ: ਜਲੰਧਰ: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੀਲ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਹੜਤਾਲ ਦੌਰਾਨ ਪਨਬੱਸ ਅਤੇ ਪੀ. ਆਰ. ਟੀ. ਸੀ. ਨਾਲ ਸਬੰਧਤ ਠੇਕਾ ਕਰਮਚਾਰੀ ਬੱਸਾਂ ਨਹੀਂ ਚਲਾਉਣਗੇ, ਜਦੋਂ ਕਿ ਪੱਕੇ ਕਰਮਚਾਰੀਆਂ ਵੱਲੋਂ ਹੀ ਆਵਾਜਾਈ ਕੀਤੀ ਜਾਵੇਗੀ। ਅੰਕੜਿਆਂ ਮੁਤਾਬਕ ਹਰੇਕ ਡਿਪੂ ਵਿਚ ਸਿਰਫ 2-3 ਪੱਕੇ ਡਰਾਈਵਰ ਮੌਜੂਦ ਹਨ। ਇਸ ਕਾਰਨ ਪੰਜਾਬ ਅੰਦਰ 200 ਦੇ ਲਗਭਗ ਸਰਕਾਰੀ ਬੱਸਾਂ ਦੀ ਆਵਾਜਾਈ ਦੀ ਉਮੀਦ ਜਤਾਈ ਜਾ ਰਹੀ ਹੈ। ਮਹਿਕਮੇ ਕੋਲ 3200 ਬੱਸਾਂ ਹੋਣ ਦੇ ਬਾਵਜੂਦ ਯਾਤਰੀਆਂ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ। ਅਜਿਹੇ ਹਾਲਾਤ ਵਿਚ 200 ਬੱਸਾਂ ਨਾਲ ਯਾਤਰੀਆਂ ਵੱਲੋਂ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣਾ ਸੰਭਵ ਨਹੀਂ ਹੋ ਸਕੇਗਾ।
ਦੂਜੇ ਸੂਬਿਆਂ ਨੂੰ ਜਾਣ ਵਾਲਿਆਂ ਨੂੰ ਨਹੀਂ ਮਿਲਣਗੀਆਂ ਬੱਸਾਂ
ਦੂਜੇ ਸੂਬਿਆਂ ਨੂੰ ਜਾਣ ਵਾਲੇ ਯਾਤਰੀਆਂ ਲਈ ਸਰਕਾਰੀ ਬੱਸਾਂ ਇਕਲੌਤਾ ਬਦਲ ਹੁੰਦਾ ਹੈ ਕਿਉਂਕਿ ਕੁਝ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਛੱਡ ਕੇ ਅੰਤਰਰਾਜੀ ਬੱਸਾਂ ਚਲਾਉਣ ਦਾ ਪਰਮਿਟ ਵਧੇਰੇ ਟਰਾਂਸਪੋਰਟਰਾਂ ਕੋਲ ਨਹੀਂ ਹੈ। ਸਰਕਾਰੀ ਡਰਾਈਵਰਾਂ ਵੱਲੋਂ ਹੜਤਾਲ ਦੌਰਾਨ ਬੱਸਾਂ ਚਲਾਈਆਂ ਜਾਣਗੀਆਂ ਪਰ ਰੋਡਵੇਜ਼ ਦੀਆਂ ਬੱਸਾਂ ਲੰਮੇ ਰੂਟ ’ਤੇ ਚੱਲਣ ਦੇ ਕਾਬਿਲ ਨਹੀਂ ਹਨ। ਉਥੇ ਹੀ, ਯੂਨੀਅਨ ਦਾ ਕਹਿਣਾ ਹੈ ਕਿ ਉਹ ਪਨਬੱਸ ਦੀਆਂ ਬੱਸਾਂ ਨੂੰ ਨਿਕਲਣ ਨਹੀਂ ਦੇਣਗੇ। ਇਸ ਕਾਰਨ ਦੂਜੇ ਸੂਬਿਆਂ ਨੂੰ ਜਾਣ ਵਾਲਿਆਂ ਨੂੰ ਬੱਸਾਂ ਨਹੀਂ ਮਿਲ ਸਕਣਗੀਆਂ। ਯਾਤਰੀਆਂ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਸਰਕਾਰੀ ਬੱਸਾਂ ਨਾਲ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ 'ਲੰਪੀ' ਸਕਿਨ ਦਾ ਕਹਿਰ, ਜਲੰਧਰ ਜ਼ਿਲ੍ਹੇ 'ਚ ਹੁਣ ਤੱਕ 5967 ਕੇਸ ਆਏ ਸਾਹਮਣੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ