ਬਾਰ ਐਸੋਸੀਏਸ਼ਨ ਫ਼ਤਿਹਗੜ੍ਹ ਸਾਹਿਬ ਵੱਲੋਂ ਕੀਤੀ ਗਈ ਹੜਤਾਲ
Friday, Nov 14, 2025 - 04:59 PM (IST)
ਫ਼ਤਹਿਗੜ੍ਹ ਸਾਹਿਬ (ਬਿਪਨ): ਮੁਕਤਸਰ ਬਾਰ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਇਸ ਤੇ ਤਹਿਤ ਬਾਰ ਐਸੋਸੀਏਸ਼ਨ ਫ਼ਤਿਹਗੜ੍ਹ ਸਾਹਿਬ ਵੱਲੋਂ ਹੜਤਾਲ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਉਸ ਦੇ ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਕਥਿਤ ਤੌਰ ’ਤੇ ਝੂਠੀ ਸੀ, ਜੋ ਕਿ ਬਾਅਦ ਵਿਚ ਪੁਲਸ ਨੇ ਰੱਦ ਕਰ ਦਿੱਤੀ। ਪਰ ਨਾਲ ਹੀ ਪੁਲਸ ਨੇ ਕਥਿਤ ਤੌਰ ’ਤੇ ਲੜਾਈ ਤੋਂ ਤਿੰਨ ਦਿਨ ਬਾਅਦ 31 ਅਕਤੂਬਰ ਨੂੰ ਗੁਰਜੀਤ ਸਿੰਘ ਨੂੰ ਮੁਕਦਮੇ ਵਿਚ ਸ਼ਾਮਲ ਕਰਕੇ ਉਸ ਦੇ ਗੰਭੀਰ ਸੱਟਾਂ ਵਿਖਾਕੇ ਵਕੀਲ ਦੇ ਖਿਲਾਫ ਰਪਟ ਪਾ ਦਿੱਤੀ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਵਕੀਲ ਤੇ ਉਸ ਦੇ ਸਾਥੀ ਹਸਪਤਾਲ ’ਚ ਦਾਖ਼ਲ ਸਨ। ਡਾਕਟਰੀ ਰਿਪੋਰਟ ਅਨੁਸਾਰ ਵੀ ਸੱਟਾਂ ਮਹਿਜ਼ 6 ਘੰਟੇ ਪੁਰਾਣੀਆਂ ਸਨ। ਬਾਰ ਐਸੋਸੀਏਸ਼ਨ ਵੱਲੋਂ ਵਾਰ-ਵਾਰ ਇਹ ਮਾਮਲਾ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਰਪਟ ਖਾਰਜ ਕਰਨ ਲਈ ਕਿਹਾ, ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧ ਵਿਚ ਅੱਜ ਉਨ੍ਹਾਂ ਮੁਕਤਸਰ ਬਾਰ ਦਾ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਫ਼ਤਿਹਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਹੈ।
