ਡੱਲੇਵਾਲ ਦਾ ਮਰਨ ਵਰਤ 19ਵੇਂ ਦਿਨ ’ਚ ਦਾਖਲ, ਸਿਹਤ ਚਿੰਤਾਜਨਕ

Saturday, Dec 14, 2024 - 09:58 PM (IST)

ਜੈਤੋ (ਪਰਾਸ਼ਰ) - 26 ਨਵੰਬਰ ਤੋਂ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਵੀ ਖਨੌਰੀ ਬਾਰਡਰ ਵਿਖੇ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਚਿੰਤਾਜਨਕ ਹੈ ਅਤੇ ਜਦੋਂ ਉਹ ਬਾਹਰ ਆਪਣੇ ਲੋਕਾਂ ਦੇ ਦਰਸ਼ਨ ਕਰਨ ਲਈ ਪੰਡਾਲ ’ਚ ਲਿਆਂਦੇ ਗਏ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ 78/48 ਤੱਕ ਪਹੁੰਚ ਗਿਆ ਸੀ, ਜੋ ਕਿ ਬਹੁਤ ਘੱਟ ਸੀ।

ਅੱਜ 9 ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਮੇਰੀ ਜਾਨ ਅੰਦੋਲਨ ਨਾਲੋਂ ਵੱਧ ਕੀਮਤੀ ਹੈ ਪਰ ਮੇਰਾ ਮੰਨਣਾ ਹੈ ਕਿ ਉਨ੍ਹਾਂ ਕਿਸਾਨਾਂ ਦੀਆਂ ਜਾਨਾਂ ਮੇਰੇ ਨਾਲੋਂ ਵੀ ਵੱਧ ਕੀਮਤੀ ਹਨ, ਜੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪਿਛਲੇ 25 ਸਾਲਾਂ ’ਚ 5 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸਾਨ ਭਾਈਚਾਰੇ ਦੇ ਹੱਕ ਲੈਣ ਲਈ ਆਪਣੀ ਸ਼ਹਾਦਤ ਦੇਣ ਲਈ ਤਿਆਰ ਹਨ ਅਤੇ ਜੇਕਰ ਸੁਪਰੀਮ ਕੋਰਟ ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਸੱਚਮੁੱਚ ਹੀ ਗੰਭੀਰ ਹੈ ਤਾਂ ਮਾਣਯੋਗ ਸੁਪਰੀਮ ਕੋਰਟ ਨੂੰ ਇਸ ਲਈ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।

ਅੱਜ ਜਦੋਂ 101 ਕਿਸਾਨਾਂ ਦਾ ਜਥਾ ਸ਼ਾਂਤਮਈ ਢੰਗ ਨਾਲ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਜਾਣ ਲਈ ਨਿਕਲਿਆ ਤਾਂ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਉੱਪਰ ਬਹੁਤ ਜ਼ਬਰਦਸਤ ਹਿੰਸਾ ਕੀਤੀ ਗਈ, ਜਿਸ ਵਿਚ 15 ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ 16 ਦਸੰਬਰ ਨੂੰ ਜ਼ਿਲਾ ਤੇ ਤਹਿਸੀਲ ਪੱਧਰ ’ਤੇ ਕਿਸਾਨਾਂ ਵਲੋਂ ਵੱਡੇ-ਵੱਡੇ ਟਰੈਕਟਰ ਮਾਰਚ ਕੀਤੇ ਜਾਣਗੇ ਅਤੇ ਤਾਮਿਲਨਾਡੂ ’ਚ 15 ਥਾਵਾਂ ’ਤੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ ਅਤੇ ਪੰਜਾਬ ਵਿਚ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ।


Inder Prajapati

Content Editor

Related News