ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਅਗਲੇ ਹਫ਼ਤੇ ਤਕ...

Friday, Feb 21, 2025 - 10:04 AM (IST)

ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਅਗਲੇ ਹਫ਼ਤੇ ਤਕ...

ਚੰਡੀਗੜ੍ਹ (ਅੰਕੁਰ): ਵਿਭਾਗੀ ਕੰਮ ਕਾਰ ’ਚ ਹੋਰ ਪਾਰਦਰਸ਼ਿਤਾ ਅਤੇ ਤੇਜ਼ੀ ਲਿਆਉਣ ਲਈ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ, ਲਾਲ ਚੰਦ ਕਟਾਰੂਚੱਕ ਵੱਲੋਂ ਵੀਰਵਾਰ ਨੂੰ ਵਿਭਾਗ ਦੇ ਮੁੱਖ ਦਫਤਰ, ਅਨਾਜ ਭਵਨ ਵਿਖੇ ਅਧਿਕਾਰੀਆਂ ਸਮੇਤ ਸਮੂਹ ਡਿਪਟੀ ਡਾਇਰੈਕਟਰ (ਫੀਲਡ) ਅਤੇ ਜ਼ਿਲ੍ਹਾ ਕੰਟਰੋਲਰਾਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਅਗਲੇ ਹਫ਼ਤੇ ਤਕ ਸਾਰੇ ਰਾਸ਼ਨ ਡਿਪੂਆਂ 'ਤੇ ਜਨਵਰੀ-ਮਾਰਚ, 2025 ਦੀ ਤਿਮਾਹੀ ਲਈ ਵੰਡੀ ਜਾ ਰਹੀ ਕਣਕ ਪਹੁੰਚ ਸਕਦੀ ਹੈ, ਜੋ ਰਾਸ਼ਨ ਕਾਰਡ ਧਾਰਕਾਂ ਨੂੰ ਵੰਡ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਨਵੀਂ ਅਪਡੇਟ, ਜਾਣੋ ਹੁਣ ਕਦੋਂ ਹੋਵੇਗੀ ਬਰਸਾਤ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਮੀਟਿੰਗ ਦੌਰਾਨ ਸਾਰੇ ਫੀਲਡ ਅਧਿਕਾਰੀਆਂ ਨੂੰ ਸਮੇਂ ਸਿਰ ਦਫ਼ਤਰ ਵਿਖੇ ਹਾਜ਼ਰ ਹੋਣ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹਰ ਰੋਜ ਕੁਝ ਸਮਾਂ ਆਮ ਜਨਤਾ ਨੂੰ ਮਿਲਣ ਲਈ ਨਿਰਧਾਰਤ ਕਰਨ ਲਈ ਹਦਾਇਤ ਕੀਤੀ ਗਈ। ਉਨ੍ਹਾਂ ਵਲੋਂ ਇਹ ਨਿਰਦੇਸ਼ ਦਿੱਤੇ ਗਏ ਕਿ ਆਮ ਜਨਤਾ ਨੂੰ ਆ ਰਹੀਆਂ ਦਿੱਕਤਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ। ਸਮੂਹ ਡਿਪਟੀ ਡਾਇਰੈਕਟਰਾਂ ਅਤੇ ਜ਼ਿਲਾ ਕੰਟਰੋਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਉਨ੍ਹਾਂ ਦੇ ਅਧੀਨ ਆਉਂਦੇ ਜ਼ਿਲ੍ਹਿਆਂ ’ਚ ਰਾਸ਼ਨ ਡਿਪੂਆਂ ’ਤੇ ਚੈਕਿੰਗ ਕਰਨ ਤੋਂ ਇਲਾਵਾ ਲਾਭਪਾਤਰੀਆਂ ਨੂੰ ਕਣਕ ਦੀ ਚੱਲ ਰਹੀ ਵੰਡ ਕਰਨ ਦਾ ਖੁਦ ਜਾਇਜ਼ਾ ਲਿਆ ਜਾਵੇ। ਇਨ੍ਹਾਂ ਚੈਕਿੰਗਾਂ ਦੀ ਰਿਪੋਰਟਾਂ ਸਮੇਤ ਵਿਡਿਉਜ਼ ਮੁੱਖ ਦਫ਼ਤਰ ਨੂੰ ਭੇਜੇ ਜਾਣ।

ਮੰਤਰੀ ਵੱਲੋਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਮਹੀਨਾ ਜਨਵਰੀ-ਮਾਰਚ, 2025 ਦੀ ਤਿਮਾਹੀ ਲਈ ਵੰਡੀ ਜਾ ਰਹੀ ਕਣਕ 28 ਫਰਵਰੀ ਤੱਕ ਰਾਸ਼ਨ ਡਿਪੂਆਂ ਉੱਤੇ ਪਹੁੰਚਾਈ ਜਾਵੇ। ਰਾਸ਼ਨ ਡਿਪੂਆਂ ਉੱਤੇ ਭੇਜੀ ਜਾਂਦੀ ਕਣਕ ਦਾ ਪੂਰਾ ਵਜ਼ਨ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ ਅਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਪਾਤਰਤਾ ਅਨੁਸਾਰ ਬਣਦੀ ਕਣਕ ਸਹੀ ਮਾਤਰਾ ਅਤੇ ਚੰਗੇ ਮਿਆਰ ਦੀ ਹੋਣਾ ਯਕੀਨੀ ਬਣਾਇਆ ਜਾਵੇ। ਇਸ ਮੰਤਵ ਲਈ ਰਾਸ਼ਨ ਡਿਪੂ ਹੋਲਡਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਈ-ਪੋਜ ਮਸ਼ੀਨਾਂ ਦੇ ਨਾਲ ਭਾਰ ਤੋਲਣ ਵਾਲੇ ਕੰਡਿਆਂ ਦੀ ਇੰਟੀਗਰੇਸ਼ਨ ਕਰਨ ਲਈ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਰਾਸ਼ਨ ਡਿਪੂਆਂ ਨੂੰ ਜਾਰੀ ਕੀਤੀ ਜਾਣ ਵਾਲੀ ਕਣਕ ਦਾ ਕੰਡਾ ਕਰਵਾਉਣ ਉਪਰੰਤ ਕਣਕ ਰਾਸ਼ਨ ਡਿਪੂ ‘ਤੇ ਭੇਜਣ ਲਈ ਨਿਰਦੇਸ਼ ਦਿੱਤੇ ਗਏ। ਮੰਤਰੀ ਵੱਲੋਂ ਸਮੂਹ ਅਧਿਕਾਰੀਆਂ ਨੂੰ ਅਪ੍ਰੈਲ-2025 ਸ਼ੁਰੂ ਹੋਣ ਵਾਲੇ ਕਣਕ ਦੇ ਖਰੀਦ ਸੀਜਨ ਲਈ ਸਾਰੇ ਲੋੜੀਂਦੇ ਪ੍ਰਬੰਧ ਖਰੀਦ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੁਕੰਮਲ ਕਰਨ ਲਈ ਹਦਾਇਤ ਕੀਤੀ ਗਈ। ਇਹ ਸਪੱਸ਼ਟ ਕੀਤਾ ਗਿਆ ਕਿ ਕਣਕ ਦੀ ਖਰੀਦ ਸਮੇਂ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਮੰਡੀਆਂ ਵਿੱਚੋਂ ਕਣਕ ਦੀ ਸਮੇਂ ਸਿਰ ਲਿਫਟਿੰਗ ਅਤੇ ਸੁਰੱਖਿਅਤ ਸਟੋਰੇਜ ਲਈ ਵੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਅਤੇ ਡਾਇਰੈਕਟਰ ਪੁਨੀਤ ਗੋਇਲ ਵੀ ਮੌਜੂਦ ਸਨ ਅਤੇ ਉਨ੍ਹਾਂ ਵਲੋਂ ਵੀ ਸਮੂਹ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਹਦਾਇਤ ਕੀਤੀ ਗਈ। ਪ੍ਰਮੁੱਖ ਸਕੱਤਰ, ਖੁਰਾਕ ਤੇ ਸਪਲਾਈਜ਼ ਵਲੋਂ ਕਣਕ ਦੀ ਚੱਲ ਰਹੀ ਵੰਡ ਦਾ ਜ਼ਿਲ੍ਹਾ ਵਾਰ ਜਾਇਜ਼ਾ ਲਿਆ ਗਿਆ ਅਤੇ ਜਿਨ੍ਹਾਂ ਜ਼ਿਲ੍ਹਿਆਂ ’ਚ ਕਣਕ ਦੀ ਵੰਡ ਦੀ ਪ੍ਰਤੀਸ਼ਤਾ ਘੱਟ ਸੀ ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਕੰਮ ’ਚ ਤੇਜ਼ੀ ਲਿਆਉਣ ਲਈ ਹਰ ਸੰਭਵ ਉਪਰਾਲਾ ਕਰਨ ਦੀ ਹਦਾਇਤ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News