ਜਲੰਧਰ ਸਮੇਤ ਸੂਬੇ ਦੇ ਇਹ ਰੇਲਵੇ ਸਟੇਸ਼ਨ ਹੋਣਗੇ ਹਾਈਟੈੱਕ, ਮਿਲਣਗੀਆਂ ਹਵਾਈ ਅੱਡੇ ਵਰਗੀਆਂ ਸਹੂਲਤਾਂ

Monday, Sep 05, 2022 - 06:25 PM (IST)

ਜਲੰਧਰ (ਵੈੱਬ ਡੈਸਕ) : ਭਾਰਤ ਦੇ ਨਾਲ-ਨਾਲ਼ ਪੰਜਾਬ ਦੇ ਰੇਲਵੇ ਸਟੇਸ਼ਨ ਵੀ ਹਾਈਟੈੱਕ ਹੋਣ ਜਾ ਰਹੇ ਹਨ। ਰੇਲਵੇ ਬੋਰਡ ਦੀ ਹਾਈਟੈੱਕ ਸੂਚੀ 'ਚ ਜੰਮੂ, ਜਲੰਧਰ ਸਿਟੀ, ਜਲੰਧਰ ਕੈਂਟ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਸ਼ਾਮਲ ਹਨ। ਇਸ ਸੂਚੀ ਵਿੱਚ ਜਲੰਧਰ ਛਾਉਣੀ ਲਈ 79 ਕਰੋੜ ਰੁਪਏ ਮਨਜ਼ੂਰ ਹੋਏ ਹਨ ਅਤੇ ਬਾਕੀ ਸਟੇਸ਼ਨਾਂ ਦੀ ਸੰਭਾਵਨਾ ਨੂੰ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਡੀ.ਪੀ.ਆਰ ਦੀ ਤਿਆਰੀ ਕੀਤੀ ਜਾਵੇਗੀ। ਦੱਸ ਦੇਈਏ ਕਿ ਨਿਰਮਾਣ ਵਿਭਾਗ ਨੂੰ ਪ੍ਰੋਜੈਕਟ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਸੂਚੀ ਮੁਤਾਬਕ ਸਭ ਤੋਂ ਪਹਿਲਾਂ ਜਲੰਧਰ ਕੈਂਟ ਦਾ ਕੰਮ ਸ਼ੁਰੂ ਕੀਤਾ ਜਾਵੇਗਾ , ਜਿੱਥੇ ਯਾਤਰੀਆਂ ਨੂੰ ਹਵਾਈ ਅੱਡੇ ਵਰਗੀਆਂ ਸਹੂਲਤਾਂ ਮਿਲਣਗੀਆਂ। ਯਾਤਰੀਆਂ ਲਈ ਇੱਕ ਵੱਡਾ ਲੌਜ ਬਣਾਇਆ ਜਾਵੇਗਾ। ਪਾਰਕਿੰਗ ਲਈ ਬਹੁਮੰਜ਼ਿਲਾ ਇਮਾਰਤ ਬਣਾਈ ਜਾਵੇਗੀ ਅਤੇ ਬਹੁਤ ਸਾਰੀਆਂ ਖਾਣ-ਪੀਣ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ। ਹਵਾਈ ਅੱਡੇ ਵਾਂਗ ਰੇਲਵੇ ਸਟੇਸ਼ਨ 'ਚ ਵੀ ਸ਼ਾਪਿੰਗ ਮਾਲ, ਏ.ਸੀ.,ਐਕਸਲੇਟਰ ਵਰਗੀਆਂ ਸਹੂਲਤਾਂ ਹੋਣਗੀਆਂ।

ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਸਾਰਜ ਸੰਧੂ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਪੁਲਸ ਨੂੰ ਪਈਆਂ ਭਾਜੜਾਂ

ਮੁੜ ਵਿਕਾਸ ਦੇ ਤਹਿਤ ਸਟੇਸ਼ਨਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੇ ਨਾਲ-ਨਾਲ ਸ਼ਾਨਦਾਰ ਰੂਪ ਦਿੱਤਾ ਜਾਵੇਗਾ। ਰੇਲਵੇ ਸਟੇਸ਼ਨ ਦੇ ਐਂਟਰੀ ਗੇਟ ਹਵਾਈ ਅੱਡੇ ਵਰਗੇ ਬਣਾਏ ਜਾਣਗੇ, ਜਿਨ੍ਹਾਂ ਵਿੱਚ ਐਂਟਰੀ ਅਤੇ ਐਗਜ਼ਿਟ ਗੇਟ ਅਲੱਗ-ਅਲੱਗ ਹੋਣਗੇ। ਸਟੇਸ਼ਨ ਦਾ ਮੁੱਖ ਗੇਟ ਬਿਲਕੁਲ ਹਵਾਈ ਅੱਡੇ ਵਰਗਾ ਹੋਵੇਗਾ। ਸਾਰੇ ਪਲੇਟਫਾਰਮਾਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ ਤਾਂ ਜੋ ਕਿਸੇ ਵੀ ਯਾਤਰੀ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐਮ. ਡਾ. ਸੀਮਾ ਸ਼ਰਮਾ ਨੇ ਦੱਸਿਆ ਕਿ ਰੀ-ਡੈਵਲਾਪਮੈਂਟ ਸਕੀਮ ਸ਼ਲਾਘਾਯੋਗ ਹੈ। ਰੇਲਵੇ ਬੋਰਡ ਦੁਆਰਾ ਸਕੀਮ ਦੇ ਤਹਿਤ ਲੁਧਿਆਣਾ,ਜਲੰਧਰ ਕੈਂਟ, ਜਲੰਧਰ ਸਿਟੀ ਅਤੇ ਜੰਮੂ ਸਟੇਸ਼ਨਾਂ ਦੀ ਰੀ-ਡੈਵਲਾਪਮੈਂਟ ਕੀਤੀ ਜਾ ਰਹੀ ਹੈ। ਇਸ ਤੇ ਤੇਜ਼ੀ ਨਾਲ਼ ਕੰਮ ਚਲ ਰਿਹਾ ਹੈ। ਰੀ-ਡੈਵਲਾਪਮੈਂਟ ਹੋਣ ਤੋਂ ਬਾਅਦ ਯਾਤਰੀਆਂ ਨੂੰ ਆਧੁਨਿਕ ਸਹੂਲਤ ਮਿਲੇਗੀ। ਇਸ ਪ੍ਰਾਜੈਕਟ ਦੀ ਜ਼ਿੰਮੇਵਾਰੀ ਨਿਰਮਾਣ ਵਿਭਾਗ ਨੂੰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News