RTI ਤਹਿਤ ਸਕੂਲਾਂ ਨੂੰ ਮਾਨਤਾ ਦੇਣ ਦੇ ਸਮੇਂ ''ਚ ਵਾਧਾ ਕਰਨ ਦੀ ਮੰਗ
Thursday, Nov 26, 2020 - 05:00 PM (IST)
ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਐਸੋਸੀਏਟਿਡ ਸਕੂਲਜ਼ ਵੈੱਲਫੇਅਰ ਫਰੰਟ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਈਟ-ਟੂ-ਐਜੂਕੇਸ਼ਨ (ਆਰ. ਟੀ. ਈ.) ਤਹਿਤ ਨਿੱਜੀ ਸਕੂਲਾਂ ਨੂੰ ਮਾਨਤਾ ਦੇਣ ਦੀਆਂ ਤਾਰੀਖ਼ਾਂ ’ਚ ਵਾਧਾ ਕੀਤਾ ਜਾਵੇ। ਫਰੰਟ ਦੀ ਅਹਿਮ ਮੀਟਿੰਗ ਮੱਖਣ ਸਿੰਘ, ਗੁਰਿੰਦਰਪਾਲ ਸਿੰਘ, ਤੇਜ ਕੁਮਾਰ, ਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ’ਚ ਵੱਡੀ ਗਿਣਤੀ ’ਚ ਸਕੂਲ ਮਾਲਕਾਂ ਨੇ ਹਿੱਸਾ ਲਿਆ।
ਮੀਟਿੰਗ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਵੱਖ-ਵੱਖ ਮਸਲਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਮਤਾ ਪਾਸ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸ਼ਰਮਾ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਮੰਗ ਕੀਤੀ ਗਈ ਕਿ ਸੈਸ਼ਨ 2021-22 ਦੀ ਐਸੋਸੀਏਸ਼ਨ ’ਚ ਵਾਧਾ ਕਰਨ ਦਾ ਪ੍ਰੋਫਾਰਮਾ ਇੰਟਰਨੈੱਟ ’ਤੇ ਅਪਲੋਡ ਕੀਤਾ ਜਾਵੇ ਤਾਂ ਜੋ ਕੋਰੋਨਾ ਮਹਾਮਾਰੀ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।
ਫਰੰਟ ਨੇ 12 ਨਵੰਬਰ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸ਼ਰਮਾ ਵਲੋਂ ਸਮੁੱਚੀਆਂ ਯੋਨੀਅਨਾਂ ਨਾਲ ਮੀਟਿੰਗ ਕਰ ਕੇ ਸਕੂਲਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਦਿੱਤੇ ਗਏ ਵਿਸ਼ਵਾਸ਼ ਦਾ ਧੰਨਵਾਦ ਕੀਤਾ। ਉਨ੍ਹਾਂ 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਫੀਸਾਂ ਦੀਆਂ ਤਾਰੀਖ਼ਾਂ ਵਧਾਉਣ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਇਹ ਮੰਗ ਕੀਤੀ ਗਈ ਕਿ ਆਰ. ਟੀ. ਈ. ਦੇ ਤਹਿਤ ਸਕੂਲਾਂ ਨੂੰ ਮਾਨਤਾ ਦੇਣ ਦੀਆਂ ਤਾਰੀਖ਼ਾਂ ’ਚ ਵੀ ਵਾਧਾ ਕੀਤਾ ਜਾਵੇ ਤਾਂ ਜੋ ਕੋਰੋਨਾ ਲਾਗ ਦੇ ਮੱਦੇਨਜ਼ਰ ਜਿਹੜੇ ਸਕੂਲ 2020-21 ਦੀ ਮਾਨਤਾ ਲੈਣ ਤੋਂ ਰਹਿ ਗਏ ਹਨ, ਉਹ ਮਾਨਤਾ ਲੈ ਸਕਣ। ਸਕੂਲਾਂ ਨੂੰ ਫਾਇਰ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟਾਂ ਤੋਂ ਛੋਟ ਦਿੱਤੀ ਜਾਵੇ ਅਤੇ ਪਹਿਲੇ ਸਰਟੀਫਿਕੇਟਾਂ ਦੇ ਆਧਾਰ ’ਤੇ ਮਾਨਤਾ ਰੀਨਿਊ ਕੀਤੀ ਜਾਵੇ।