ਇਨੈਲੋ ਦਾ ਐਕਸ਼ਨ ਸਿਰਫ਼ ਸਿਆਸੀ ਡਰਾਮੇਬਾਜ਼ੀ : ਜਾਖੜ
Tuesday, Jul 11, 2017 - 11:41 AM (IST)
ਚੰਡੀਗੜ੍ਹ (ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਨੈਲੋ ਵਲੋਂ ਅੱਜ ਐੱਸ. ਵਾਈ. ਐੱਲ. ਨਹਿਰ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਸਤੇ ਰੋਕਣ ਦੇ ਕੀਤੇ ਗਏ ਐਕਸ਼ਨ ਨੂੰ ਸਿਰਫ਼ ਸਿਆਸੀ ਡਰਾਮੇਬਾਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨੈਲੋ ਸਿਰਫ਼ ਆਪਣੀ ਖਤਮ ਹੋ ਰਹੀ ਹੋਂਦ ਬਚਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਪਾਣੀਆਂ ਦੇ ਨਾਮ 'ਤੇ ਦੋਵਾਂ ਰਾਜਾਂ ਦੇ ਲੋਕਾਂ ਨੂੰ ਭੜਕਾ ਕੇ ਅਮਨ ਸ਼ਾਂਤੀ ਦੇ ਮਾਹੌਲ ਵਿਚ ਅੱਗ ਲਗਾਉਣਾ ਚਾਹੁੰਦੀ ਹੈ, ਜਿਸ ਨਾਲ ਕਿ ਉਸ ਨੂੰ ਸਿਆਸੀ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਜਦ ਦੋਵੇਂ ਰਾਜਾਂ ਵਿਚਕਾਰ ਗੱਲਬਾਤ ਦਾ ਰਸਤਾ ਅਜੇ ਖੁੱਲ੍ਹਿਆ ਹੋਇਆ ਹੈ ਤੇ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਤਾਂ ਕਿਸੇ ਦੂਸਰੇ ਰਾਜ ਦਾ ਰਸਤਾ ਰੋਕਣ ਵਰਗਾ ਐਕਸ਼ਨ ਲੈਣਾ ਕਿਸ ਤਰ੍ਹਾਂ ਵਾਜ਼ਿਬ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਭੜਕਾਹਟ ਵਾਲੀ ਕਾਰਵਾਈ ਹੈ।
