ਪੰਜਾਬ ਦੇ ਪਿੰਡਾਂ ਦੀ ਹਵਾ ਵੀ ਹੋਈ ਜ਼ਹਿਰੀਲੀ, ਰਿਪੋਰਟ ''ਚ ਹੋਇਆ ਖ਼ੁਲਾਸਾ

Friday, Oct 30, 2026 - 04:48 PM (IST)

ਪੰਜਾਬ ਦੇ ਪਿੰਡਾਂ ਦੀ ਹਵਾ ਵੀ ਹੋਈ ਜ਼ਹਿਰੀਲੀ, ਰਿਪੋਰਟ ''ਚ ਹੋਇਆ ਖ਼ੁਲਾਸਾ

ਚੰਡੀਗੜ੍ਹ : ਪੰਜਾਬ ਦੇ ਪਿੰਡ ਕਦੇ ਆਪਣੀ ਸਾਫ਼-ਸੁਥਰੀ ਹਵਾ ਅਤੇ ਖੁੱਲ੍ਹੇ ਵਾਤਾਵਰਣ ਲਈ ਜਾਣੇ ਜਾਂਦੇ ਸਨ ਪਰ ਹੁਣ ਸ਼ਹਿਰਾਂ ਵਾਂਗ ਹੀ ਪਿੰਡ ਵੀ ਹਵਾ ਪ੍ਰਦੂਸ਼ਣ ਦੀ ਗੰਭੀਰ ਮਾਰ ਹੇਠ ਹਨ। 'ਸੈਂਟਰ ਆਨ ਐਨਰਜੀ ਐਂਡ ਕਲੀਨ ਏਅਰ' ਦੀ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿਚਕਾਰ ਹਵਾ ਪ੍ਰਦੂਸ਼ਣ ਦਾ ਅੰਤਰ ਸਿਮਟ ਕੇ ਮਹਿਜ਼ 4 ਫ਼ੀਸਦੀ ਰਹਿ ਗਿਆ ਹੈ। ਦੋਵਾਂ ਹੀ ਖੇਤਰਾਂ 'ਚ ਹਵਾ 'ਚ ਮੌਜੂਦ ਅਤਿ-ਸੂਖਮ ਪ੍ਰਦੂਸ਼ਕ ਕਣਾਂ ਦਾ ਸਲਾਨਾ ਔਸਤ ਪੱਧਰ ਰਾਸ਼ਟਰੀ ਮਾਪਦੰਡਾਂ ਨਾਲੋਂ ਕਾਫ਼ੀ ਜ਼ਿਆਦਾ ਦਰਜ ਕੀਤਾ ਗਿਆ ਹੈ।

ਰਿਪੋਰਟ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਪੀ. ਐੱਮ. 2.5 ਦਾ ਸਲਾਨਾ ਔਸਤ ਪੱਧਰ 58.3 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਅਤੇ ਗ੍ਰਾਮੀਣ ਖੇਤਰਾਂ ਵਿੱਚ 56 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਿਕਾਰਡ ਕੀਤਾ ਗਿਆ ਹੈ, ਜਦੋਂ ਕਿ ਰਾਸ਼ਟਰੀ ਵਾਯੂ ਗੁਣਵੱਤਾ ਮਾਪਦੰਡਾਂ ਅਨੁਸਾਰ ਪੀ. ਐੱਮ. 2.5 ਦੀ ਸਲਾਨਾ ਵੱਧ ਤੋਂ ਵੱਧ ਨਿਰਧਾਰਿਤ ਸੀਮਾ 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪੂਰੇ ਸੂਬੇ ਦੀ ਹਵਾ ਮਾਪਦੰਡਾਂ ਤੋਂ ਵੱਧ ਦੂਸ਼ਿਤ ਹੋ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 9 ਸ਼ਹਿਰਾਂ ਅੰਮ੍ਰਿਤਸਰ, ਡੇਰਾਬੱਸੀ, ਮੰਡੀ ਗੋਬਿੰਦਗੜ੍ਹ, ਜਲੰਧਰ, ਖੰਨਾ, ਲੁਧਿਆਣਾ, ਨਿਆ ਨੰਗਲ, ਪਠਾਨਕੋਟ ਅਤੇ ਪਟਿਆਲਾ ਨੂੰ 'ਨੌਨ-ਅਟੇਨਮੈਂਟ ਸ਼ਹਿਰਾਂ' ਦੀ ਸੂਚੀ ਵਿੱਚ ਰੱਖਿਆ ਗਿਆ ਸੀ। ਇਹ ਉਹ ਸ਼ਹਿਰ ਹਨ, ਜੋ ਨਿਰਧਾਰਿਤ ਸਮੇਂ ਵਿੱਚ ਰਾਸ਼ਟਰੀ ਵਾਯੂ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੇ ਹਨ।


author

Babita

Content Editor

Related News