ਪੰਜਾਬ ’ਚ ਬਾਦਲ ਪਰਿਵਾਰ ਨੂੰ ਝਟਕਾ ਦੇਣ ਲਈ ਭਾਜਪਾ ਨੇ ਤਿਆਰ ਕੀਤੀ ਰਣਨੀਤੀ

Wednesday, Dec 08, 2021 - 10:51 AM (IST)

ਜਲੰਧਰ (ਜਗ ਬਾਣੀ ਟੀਮ)– ਕੇਂਦਰ ਦੀ ਮੋਦੀ ਸਰਕਾਰ ਨੇ ਹੁਣੇ ਜਿਹੇ ਕਿਸਾਨ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਪਾਰਟੀ ਦੀ ਪੰਜਾਬ ਸਬੰਧੀ ਸੰਭਾਵਤ ਰਣਨੀਤੀ ਦਾ ਖ਼ੁਲਾਸਾ ਹੋਣ ਲੱਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਪਿੱਛੋਂ ਇਨ੍ਹਾਂ ਕਾਨੂੰਨਾਂ ਨੂੰ ਸਦਨ ਵਿਚ ਵਾਪਸ ਲੈਣ ਦਾ ਵੀ ਫ਼ੈਸਲਾ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਭਾਜਪਾ ਦੀ ਰਣਨੀਤੀ ਹੁਣ ਅੱਗੇ ਵੱਲ ਚੱਲਣ ਲੱਗੀ ਹੈ। ਪਾਰਟੀ ਪੰਜਾਬ ਵਿਚ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਿਲ ਕੇ ਚੋਣ ਲੜਦੀ ਰਹੀ ਹੈ ਪਰ ਅਕਾਲੀ ਦਲ ਵੱਲੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਹੁਣ ਭਾਜਪਾ ਪੰਜਾਬ ਵਿਚ ਬਾਦਲ ਪਰਿਵਾਰ ਨਾਲ ਸਮੱਸਿਆ ਪੈਦਾ ਕਰ ਸਕਦੀ ਹੈ। 

ਅਸਲ ’ਚ ਪਾਰਟੀ ਪੰਜਾਬ ਵਿਚ 23 ਸੀਟਾਂ ’ਤੇ ਹੁਣ ਤਕ ਚੋਣ ਲੜਦੀ ਰਹੀ ਹੈ ਪਰ ਹੁਣ ਪਾਰਟੀ ਨੇ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦਾ ਮਨ ਬਣਾ ਲਿਆ ਹੈ। ਬੇਸ਼ੱਕ ਪਾਰਟੀ ਸੂਬੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਹੇ ਸੁਖਦੇਵ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਮੈਦਾਨ ਵਿਚ ਉਤਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਪਾਰਟੀ ਪੰਜਾਬ ਵਿਚ ਵੱਡੇ ਸਿੱਖ ਚਿਹਰਿਆਂ ਦੀ ਭਾਲ ਵਿਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ: ਕਾਂਗਰਸ ਅੰਦਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੱਡੀ ਜੰਗ : ਬੰਟੀ ਰੋਮਾਣਾ

ਹੁਣੇ ਜਿਹੇ ਭਾਜਪਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ, ਜਿਸ ਤੋਂ ਬਾਅਦ ਪਾਰਟੀ ਦੇ ਹੌਂਸਲੇ ਬੁਲੰਦ ਹਨ। ਇਹੀ ਨਹੀਂ, ਜਲੰਧਰ ਦੇ ਇਕ ਸਾਬਕਾ ਅਕਾਲੀ ਵਿਧਾਇਕ ਤੋਂ ਲੈ ਕੇ ਲਗਭਗ 2 ਦਰਜਨ ਹੋਰ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ ਅਤੇ ਇਸ ਵਿਚ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਜ਼ਿਆਦਾਤਰ ਸਿੱਖ ਚਿਹਰੇ ਸਨ, ਜਿਨ੍ਹਾਂ ਨੇ ਭਗਵਾ ਪਾਰਟੀ ਦਾ ਹੱਥ ਫੜਿਆ ਹੈ।

ਪੰਜਾਬ ’ਚ ਸਿੱਖ ਵੋਟ ਬੈਂਕ
ਸਿੱਖ ਵੋਟ ਬੈਂਕ ਨੂੰ ਲੁਭਾਉਣ ਲਈ ਭਾਜਪਾ ਨੇ ਪਿਛਲੇ ਕੁਝ ਸਮੇਂ ’ਚ ਕਈ ਅਜਿਹੇ ਕਦਮ ਚੁੱਕੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਪਾਰਟੀ ਪੰਜਾਬ ਨੂੰ ਲੈ ਕੇ ਹੁਣ ਗੰਭੀਰ ਹੋ ਗਈ ਹੈ। ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹਵਾਉਣ ਦੀ ਗੱਲ ਹੋਵੇ ਜਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ, ਭਾਜਪਾ ਨੇ ਦੋਵੇਂ ਵੱਡੇ ਕਦਮ ਚੁੱਕੇ ਅਤੇ ਨਾਲ ਹੀ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਸਲੋਗਨ ਦੇ ਕੇ ਪੰਜਾਬ ਵਾਸੀਆਂ, ਖਾਸ ਤੌਰ ’ਤੇ ਸਿੱਖ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿਚ ਜਿਸ ਤਰ੍ਹਾਂ ਐੱਸ. ਸੀ. ਵੋਟ ਬੈਂਕ ਅਹਿਮ ਭੂਮਿਕਾ ਰੱਖਦਾ ਹੈ, ਉਸੇ ਤਰ੍ਹਾਂ ਸਿੱਖ ਵੋਟ ਬੈਂਕ ਦੀ ਵੀ ਵੱਡੀ ਗਿਣਤੀ ਹੈ। 2011 ਦੇ ਮਰਦਮਸ਼ੁਮਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਲਗਭਗ 58 ਫ਼ੀਸਦੀ ਸਿੱਖ ਵੋਟ ਬੈਂਕ ਹੈ, ਜੋ ਸੂਬੇ ਵਿਚ ਸਰਕਾਰ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਹ ਵੀ ਪੜ੍ਹੋ:  ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, NRIs ਨੂੰ ਮਿਲੇਗੀ ਇਹ ਖ਼ਾਸ ਸਹੂਲਤ

ਸਿੱਖ ਵੋਟ ਬੈਂਕ ਨੂੰ ਆਪਣੇ ਖੇਮੇ ’ਚ ਸ਼ਾਮਲ ਕਰਨ ਦੀ ਚੱਲ ਰਹੀ ਕੋਸ਼ਿਸ਼
ਸਿੱਖ ਵੋਟ ਬੈਂਕ ਦਾ ਸਮੀਕਰਨ
ਪੰਜਾਬ ’ਚ ਸਿੱਖ ਵੋਟ ਬੈਂਕ ਮੁੱਖ ਤੌਰ ’ਤੇ 3 ਹਿੱਸਿਆਂ ਵਿਚ ਵੰਡਿਆ ਹੈ, ਜਿਸ ਵਿਚ ਜੱਟ ਸਿੱਖ, ਓ. ਬੀ. ਸੀ. ਸਿੱਖ ਅਤੇ ਐੱਸ. ਸੀ. ਸਿੱਖ ਵੋਟ ਸ਼ਾਮਲ ਹਨ। ਪੰਜਾਬ ਵਿਚ ਕੁਲ ਵੋਟ ਦਾ 20 ਫ਼ੀਸਦੀ ਦੇ ਲਗਭਗ ਜੱਟ ਸਿੱਖ ਵੋਟ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਜੱਟ ਸਿੱਖ ਵੋਟ ਬੈਂਕ 37 ਫ਼ੀਸਦੀ ’ਤੇ, ਓ. ਬੀ. ਸੀ. ਸਿੱਖ ਵੋਟ ਬੈਂਕ 32 ਫ਼ੀਸਦੀ ’ਤੇ ਅਤੇ ਐੱਸ. ਸੀ. ਸਿੱਖ ਵੋਟ 34 ਫ਼ੀਸਦੀ ’ਤੇ ਕਾਬਜ਼ ਰਿਹਾ। ਅਕਾਲੀ-ਭਾਜਪਾ ਦੇ ਖੇਮੇ ਵਿਚ ਜਿੰਨਾ ਵੀ ਇਹ ਫ਼ੀਸਦੀ ਹੈ, ਉਸ ਨੂੰ ਆਪਣੇ ਪੱਖ ਵਿਚ ਕਰਨ ਲਈ ਭਾਜਪਾ ਇਸ ਵੇਲੇ ਵੱਡਾ ਗੇਮ ਪਲਾਨ ਬਣਾ ਰਹੀ ਹੈ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਭਾਜਪਾ ਦੀ ਰਣਨੀਤੀ 
ਪੰਜਾਬ ਵਿਚ ਭਾਜਪਾ ਵੱਲੋਂ ਲਗਭਗ ਇਕ ਦਰਜਨ ਵੱਡੇ ਸਿੱਖ ਨੇਤਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਕਈਆਂ ਨਾਲ ਅਜੇ ਚਰਚਾ ਚੱਲ ਰਹੀ ਹੈ। ਪਾਰਟੀ ਇਨ੍ਹਾਂ ਨੇਤਾਵਾਂ ਨੂੰ ਇਹ ਆਫ਼ਰ ਵੀ ਦੇ ਰਹੀ ਹੈ ਕਿ ਜੇ ਉਹ ਪਾਰਟੀ ਵਿਚ ਸ਼ਾਮਲ ਨਹੀਂ ਵੀ ਹੋਣਾ ਚਾਹੁੰਦੇ ਤਾਂ ਵੀ ਸਹਿਯੋਗੀ ਪਾਰਟੀ ਦੇ ਤੌਰ ’ਤੇ ਉਨ੍ਹਾਂ ਦੇ ਨਾਲ ਆ ਸਕਦੇ ਹਨ। ਭਾਜਪਾ ਅਜੇ ਹੋਰ ਸਿੱਖ ਚਿਹਰਿਆਂ ਨੂੰ ਆਪਣੇ ਨਾਲ ਲਿਆ ਕੇ ਅਕਾਲੀ ਦਲ ਬਾਦਲ ਲਈ ਪਰੇਸ਼ਾਨੀ ਪੈਦਾ ਕਰ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News