ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ 13ਵੀਂ ਤਨਖਾਹ ਕੱਟਣ ਦੇ ਸੁਝਾਅ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਜ਼ੋਰਾਂ 'ਤੇ

Monday, Jan 06, 2020 - 11:22 AM (IST)

ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ 13ਵੀਂ ਤਨਖਾਹ ਕੱਟਣ ਦੇ ਸੁਝਾਅ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਜ਼ੋਰਾਂ 'ਤੇ

ਬੱਸੀ ਪਠਾਣਾਂ (ਰਾਜਕਮਲ): ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਇਸ 'ਚੋਂ ਬਾਹਰ ਕੱਢਣ ਦੇ ਉਦੇਸ਼ ਨਾਲ ਵਿੱਤ ਵਿਭਾਗ ਵਲੋਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ 13ਵੀਂ ਤਨਖਾਹ ਕੱਟਣ 'ਤੇ ਮੋਬਾਇਲ ਭੱਤਿਆਂ 'ਚ ਕਟੌਤੀ ਕਰਨ ਦੇ ਸੁਝਾਅ ਦਿੱਤੇ ਗਏ ਹਨ, ਜਿਸ ਦੇ ਬਦਲੇ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਛੁੱਟੀ ਦੇਣ ਦਾ ਵੀ ਪ੍ਰਬੰਧ ਹੈ ਤਾਂ ਜੋ ਮੁਲਾਜ਼ਮਾਂ ਦਾ ਕੰਮ ਦਾ ਬੋਝ ਘਟਾਇਆ ਜਾ ਸਕੇ ਤੇ ਉਹ ਆਪਣਾ ਸਮਾਂ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਬਤੀਤ ਕਰ ਸਕਣ। ਪਰ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਛੁੱਟੀ ਦੇਣ ਤੇ ਡਿਊਟੀ ਅੱਠ ਘੰਟੇ ਕਰਨ 'ਤੇ ਉਨ੍ਹਾਂ ਮੁਲਾਜ਼ਮਾਂ ਦੀ ਥਾਂ ਡਿਊਟੀ ਦੇਣ ਲਈ ਹੋਰ ਮੁਲਾਜ਼ਮਾਂ ਦੀ ਭਰਤੀ ਦੀ ਲੋੜ ਪਵੇਗੀ ਤੇ ਇਸ ਭਰਤੀ ਲਈ ਕੀ ਸਰਕਾਰ ਕੋਲ ਲੋੜੀਂਦੇ ਫੰਡ ਮੌਜੂਦ ਹਨ। ਵਿੱਤ ਵਿਭਾਗ ਵਲੋਂ ਦਿੱਤੇ ਗਏ ਇਸ ਸੁਝਾਅ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਸ਼ੁਰੂ ਹੋ ਗਿਆ ਹੈ, ਜਿਸ 'ਚ ਇਹ ਲਿਖਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਖਾਲੀ ਖਜ਼ਾਨੇ ਨੂੰ ਭਰਨ ਲਈ ਪੁਲਸ ਮੁਲਾਜ਼ਮਾਂ ਦੀ ਤਨਖਾਹ ਕੱਟਣਾ ਗੈਰ-ਸੰਵਿਧਾਨਕ ਹੈ। ਇਸ ਸੁਝਾਅ ਕਾਰਣ ਪੁਲਸ ਮੁਲਾਜ਼ਮ ਸ਼ਸ਼ੋਪੰਜ ਦੀ ਸਥਿਤੀ 'ਚ ਆ ਗਏ ਹਨ ਤੇ ਜੇਕਰ ਇਸ ਸੁਝਾਅ ਨੂੰ ਅਮਲੀਜਾਮਾ ਪਹਿਨਾ ਦਿੱਤਾ ਜਾਂਦਾ ਹੈ ਤਾਂ ਇਸ ਦਾ ਖਾਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ 'ਚ ਦੇਖਣ ਨੂੰ ਮਿਲ ਸਕਦਾ ਹੈ।

ਸੋਸ਼ਲ ਮੀਡੀਆ 'ਤੇ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਵਿਰੋਧ
ਇਸ ਸੁਝਾਅ ਦੇ ਵਿਰੋਧ 'ਚ ਸੋਸ਼ਲ ਮੀਡੀਆ 'ਤੇ ਲਿਖ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਜਾ ਰਿਹਾ ਹੈ ਕਿ ਪੁਲਸ ਮੁਲਾਜ਼ਮਾਂ ਦੀ ਤਨਖਾਹ ਕੱਟਣ ਦੀ ਬਜਾਏ ਮੰਤਰੀਆਂ ਤੇ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾਣ ਤੇ ਸਰਕਾਰੀ ਅਧਿਆਪਕ, ਜੋ ਕਿ ਜੂਨ ਮਹੀਨੇ ਦੀ ਤਨਖਾਹ ਘਰ ਬੈਠ ਕੇ ਹੀ ਲੈਂਦੇ ਹਨ ਉਨ੍ਹਾਂ ਦੀ ਵੀ ਇਹ ਤਨਖਾਹ ਬੰਦ ਕੀਤੀ ਜਾਵੇ ਤੇ ਸਰਕਾਰੀ ਗਜ਼ਟਿਡ ਛੁੱਟੀਆਂ ਵੀ ਕੱਟੀਆਂ ਜਾਣ, ਜੇਕਰ ਮੁਲਾਜ਼ਮਾ ਦੀ ਤਨਖਾਹ ਕੱਟਣੀ ਹੈ ਤਾਂ ਉਨ੍ਹਾਂ ਨੂੰ ਵੀ ਟੀਚਰਾਂ ਤੇ ਕਲਰਕਾਂ ਦੇ ਬਰਾਬਰ ਤਨਖਾਹ ਤੇ ਛੁੱਟੀਆਂ ਦੀ ਸਹੂਲਤ ਦਿੱਤੀ ਜਾਵੇ। ਸੋਸ਼ਲ ਮੀਡੀਆ 'ਤੇ ਇਹ ਵੀ ਪ੍ਰਚਾਰ ਜ਼ੋਰਾਂ 'ਤੇ ਕੀਤਾ ਜਾ ਰਿਹਾ ਹੈ ਕਿ ਜੇਕਰ 13ਵੀਂ ਤਨਖਾਹ ਕੱਟੀ ਜਾਂਦੀ ਹੈ ਤਾਂ ਪੁਲਸ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰ ਕਦੇ ਵੀ ਕਾਂਗਰਸ ਪਾਰਟੀ ਨੂੰ ਵੋਟ ਨਾ ਪਾਉਣ।

PunjabKesari

24 ਘੰਟੇ ਮੁਸਤੈਦ ਰਹਿੰਦਾ ਹੈ ਪੁਲਸ ਵਿਭਾਗ-ਹੋਰ ਸਰਕਾਰੀ ਵਿਭਾਗਾਂ ਨਾਲੋਂ ਪੁਲਸ ਵਿਭਾਗ ਅਜਿਹਾ ਹੈ ਜੋ 24 ਘੰਟੇ ਖੁੱਲ੍ਹਾ ਰਹਿੰਦਾ ਹੈ ਤੇ ਇਸ ਦੇ ਮੁਲਾਜ਼ਮ ਹਰ ਸਮੇਂ ਡਿਊਟੀ ਪ੍ਰਤੀ ਮੁਸਤੈਦ ਰਹਿੰਦੇ ਹਨ। ਇਸ ਬਦਲੇ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਮੁਲਾਜ਼ਮਾਂ ਨੂੰ 12 ਮਹੀਨੇ ਦੀ ਬਜਾਏ 13 ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ ਕਿਸੇ ਵੀ ਸਮੇਂ ਐਮਰਜੈਂਸੀ ਸਥਿਤੀ 'ਚ ਜਾਂ ਤਿਉਹਾਰਾਂ ਤੇ ਹੋਰ ਮੌਕਿਆਂ 'ਤੇ ਵੀ ਪੁਲਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਰਹਿੰਦੀ ਹੈ ਤੇ ਉਹ ਆਪਣੇ ਪਰਿਵਾਰ ਤੋਂ ਦੂਰ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਰਹਿੰਦੇ ਹਨ। ਇਸ ਤਰ੍ਹਾਂ ਇਹ ਪੁਲਸ ਮੁਲਾਜ਼ਮ ਹਰ ਸਮੇਂ ਆਪਣੀ ਡਿਊਟੀ ਨੂੰ ਫਰਜ਼ ਸਮਝ ਕੇ ਨਿਭਾਉਂਦੇ ਰਹਿੰਦੇ ਹਨ।

ਨਾ ਹੀ ਛੁੱਟੀਆਂ ਤੇ 8 ਘੰਟੇ ਦੀ ਡਿਊਟੀ ਹੋ ਸਕਦੀ ਹੈ ਸੰਭਵ
ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਕੁਝ ਪੁਲਸ ਮੁਲਾਜ਼ਮਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਅਜਿਹੇ ਸੁਝਾਅ ਪਹਿਲਾਂ ਵੀ ਕਈ ਵਾਰ ਆਏ ਹਨ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ ਹੈ, ਕਿਉਂਕਿ ਜੇਕਰ ਸਰਕਾਰ ਮੁਲਾਜ਼ਮਾਂ ਦੀ ਡਿਊਟੀ 8 ਘੰਟੇ ਕਰਦੀ ਹੈ ਤੇ ਉਨ੍ਹਾਂ ਨੂੰ ਇੱਕ ਮਹੀਨੇ ਦੀ ਛੁੱਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਬਾਕੀ ਸਮੇਂ ਦੌਰਾਨ ਡਿਊਟੀ 'ਤੇ ਤਾਇਨਾਤੀ ਕਰਨ ਤੇ ਪੁਲਸ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਦੇ ਲਈ ਹੋਰ ਜਵਾਨਾਂ ਦੀ ਭਰਤੀ ਲਾਜ਼ਮੀ ਹੋਵੇਗੀ। ਕਦੇ ਵੀ ਅਜਿਹਾ ਨਹੀਂ ਹੋਇਆ ਹੈ ਕਿ ਪੁਲਸ ਮੁਲਾਜ਼ਮ ਦੀ ਡਿਊਟੀ 8 ਘੰਟੇ ਦੀ ਹੋਈ ਹੋਵੇ, ਕਿਉਂਕਿ ਜਦੋਂ ਵੀ ਕਦੇ ਲੋੜ ਪੈਂਦੀ ਹੈ ਤਾਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਉਨ੍ਹਾਂ ਨੂੰ ਡਿਊਟੀ ਉਪਰੰਤ ਵੀ ਫ਼ਿਰ ਤੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਜਾਣਾ ਪੈਂਦਾ ਹੈ। ਇੰਨਾ ਹੀ ਨਹੀਂ ਤਕਰੀਬਨ ਹਰ ਵਿਭਾਗ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਹੱਕਾਂ ਮੰਗਾਂ ਦੀ ਪੂਰਤੀ ਲਈ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ, ਪਰ ਪੁਲਸ ਵਿਭਾਗ ਹੀ ਅਜਿਹਾ ਇਕਲੌਤਾ ਵਿਭਾਗ ਹੈ, ਜਿਨ੍ਹਾਂ ਵਲੋਂ ਕਦੇ ਵੀ ਕੋਈ ਧਰਨਾ ਨਹੀਂ ਲਾਇਆ ਗਿਆ ਸਗੋਂ ਹੋਰ ਵਿਭਾਗਾਂ ਵਲੋਂ ਦਿੱਤੇ ਧਰਨਿਆਂ 'ਤੇ ਰੋਸ ਮੁਜ਼ਾਹਰਿਆਂ ਦੌਰਾਨ ਅਣ-ਸੁਖਾਵੀਂਆਂ ਘਟਨਾਵਾਂ ਨੂੰ ਰੋਕਣ ਲਈ ਡਿਊਟੀ ਕਰਦੇ ਰਹੇ। ਇਸ ਤਰ੍ਹਾਂ 13ਵੀਂ ਤਨਖਾਹ ਕੱਟਣ ਦਾ ਦਿੱਤਾ ਗਿਆ ਇਹ ਸੁਝਾਅ ਪੁਲਸ ਮੁਲਾਜ਼ਮਾਂ ਦੇ ਹੱਕਾਂ ਦੇ ਵਿਰੁੱਧ ਹੈ, ਜਿਸ ਕਾਰਣ ਪੁਲਸ ਜਵਾਨਾਂ 'ਚ ਨਿਰਾਸ਼ਾ ਪੈਦਾ ਹੋ ਸਕਦੀ ਹੈ।


author

Shyna

Content Editor

Related News