ਪੰਜਾਬ ਪੁਲਸ ਕਰਵਾਏਗੀ ਆਪਣੇ ਹੀ ਸਟਾਫ ਦੀ ਜਾਸੂਸੀ

Friday, Sep 29, 2017 - 07:25 AM (IST)

ਪੰਜਾਬ ਪੁਲਸ ਕਰਵਾਏਗੀ ਆਪਣੇ ਹੀ ਸਟਾਫ ਦੀ ਜਾਸੂਸੀ

ਜਲੰਧਰ  (ਰਵਿੰਦਰ ਸ਼ਰਮਾ)  - ਪੰਜਾਬ ਪੁਲਸ ਆਪਣੇ ਹੀ ਸਟਾਫ ਦੀ ਜਾਸੂਸੀ ਕਰਵਾਏਗੀ। ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਖਿਲਾਫ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਹ ਜਾਸੂਸੀ ਵੀ ਪੁਲਸ ਵਿਭਾਗ ਦਾ ਖੁਫੀਆ ਵਿੰਗ ਹੀ ਕਰੇਗਾ। ਜਾਸੂਸੀ ਕਰਵਾ ਕੇ ਪੰਜਾਬ ਪੁਲਸ ਸਟਾਫ ਦੀਆਂ ਕਮੀਆਂ ਤੇ ਖੂਬੀਆਂ ਨੂੰ ਲੱਭਿਆ ਜਾਵੇਗਾ। ਚੰਗਾ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਫੀਲਡ ਵਿਚੋਂ ਹਟਾਇਆ ਜਾਵੇਗਾ, ਜਦੋਂਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਫੀਲਡ ਵਿਚ ਪ੍ਰਮੋਸ਼ਨ ਦਿੱਤੀ ਜਾਵੇਗੀ।
ਪਿਛਲੇ ਕੁਝ ਸਾਲਾਂ ਵਿਚ ਅਪਰਾਧਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਜਨਤਾ ਥਾਣਿਆਂ 'ਚ ਜਾਣ ਤੋਂ ਕਤਰਾਉਣ ਲੱਗੀ ਹੈ ਤੇ ਪੁਲਸ ਤੇ ਪਬਲਿਕ ਦਰਮਿਆਨ ਤਾਲਮੇਲ ਨਾਂਹ ਦੇ ਬਰਾਬਰ ਹੋ ਗਿਆ ਹੈ। ਥਾਣਿਆਂ ਵਿਚ ਜਨਤਾ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਆਪਣੀ ਸ਼ਿਕਾਇਤ ਨੂੰ ਲੈ ਕੇ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ। ਇਥੇ ਹੀ ਬਸ ਨਹੀਂ ਪੈਸੇ ਦੇ ਕੇ ਕਿਸੇ ਦੇ ਖਿਲਾਫ ਵੀ ਕੇਸ ਦਰਜ ਕਰਵਾਇਆ ਜਾ ਸਕਦਾ ਹੈ।
ਅਜਿਹੀਆਂ ਸ਼ਿਕਾਇਤਾਂ ਲਗਾਤਾਰ ਸੀ. ਐੱਮ. ਆਫਿਸ ਤੇ ਡੀ. ਜੀ. ਪੀ. ਆਫਿਸ ਪਹੁੰਚ ਰਹੀਆਂ ਸਨ। ਆਮ ਜਨਤਾ ਵਲੋਂ 2016 ਵਿਚ ਜਿੱਥੇ 5660 ਸ਼ਿਕਾਇਤਾਂ ਸੂਬੇ ਭਰ ਤੋਂ ਡੀ. ਜੀ. ਪੀ. ਤੇ ਸੀ. ਐੱਮ. ਕੋਲ ਪਹੁੰਚੀਆਂ ਸਨ, ਉਥੇ 2017 ਵਿਚ ਇਨ੍ਹਾਂ ਦੀ ਗਿਣਤੀ 8 ਮਹੀਨਿਆਂ ਵਿਚ ਹੀ 5 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਇਥੇ ਹੀ ਬਸ ਨਹੀਂ ਥਾਣਾ ਪੱਧਰ 'ਤੇ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਵਿਚ ਵੀ ਲਗਾਤਾਰ ਵਾਧਾ ਹੋਇਆ ਹੈ। ਕੁਝ ਦਿਨ ਪਹਿਲਾਂ ਪੁਲਸ ਅਧਿਕਾਰੀਆਂ ਤੇ ਸੀ. ਐੱਮ. ਆਫਿਸ ਦੀ ਇਸ ਸੰਬੰਧ ਵਿਚ ਮੀਟਿੰਗ ਹੋਈ ਸੀ ਤੇ ਇਸ ਗੱਲ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਸੀ। ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਸੀ ਕਿ ਇਨ੍ਹਾਂ ਗੱਲਾਂ 'ਤੇ ਨਜ਼ਰ ਰੱਖਣ ਲਈ ਪੁਲਸ ਵਿਭਾਗ ਖੁਦ ਹੀ ਆਪਣੇ ਵਿਭਾਗ ਦੀ ਜਾਸੂਸੀ ਕਰਵਾਏਗਾ। ਇਸ ਜਾਸੂਸੀ ਨਾਲ ਥਾਣਾ ਪੱਧਰ ਤੇ ਪੁਲਸ ਅਧਿਕਾਰੀਆਂ ਦੇ ਪੱਧਰ 'ਤੇ ਹੋਣ ਵਾਲੀਆਂ ਲਾਪ੍ਰਵਾਹੀਆਂ ਨੂੰ ਨੋਟ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੀ ਪੂਰੀ ਰਿਪੋਰਟ ਸੀ. ਐੱਮ. ਆਫਿਸ ਤੇ ਡੀ. ਜੀ. ਪੀ. ਆਫਿਸ ਵਿਚ ਜਾਏਗੀ। ਇਸ ਤੋਂ ਬਾਅਦ ਕਮੀਆਂ ਨੂੰ ਸੁਧਾਰਨ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਇਹ ਕਮੇਟੀ ਪੁਲਸ ਦੇ ਕੰਮਕਾਜ ਵਿਚ ਸੁਧਾਰ ਦੀ ਸਿਫਾਰਸ਼ ਕਰੇਗੀ।
ਜਨਤਾ ਲਈ ਕੰਮ ਕਰਨ ਵਾਲੀ ਪੁਲਸ ਬਣਾਵਾਂਗੇ : ਸੀ. ਐੱਮ.
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਦਾ ਕੰਮ ਹੀ ਹੈ ਕਿ ਜਨਤਾ ਦਾ ਕੰਮ ਕਰਨਾ। ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ। ਪਿਛਲੇ 10 ਸਾਲਾਂ ਵਿਚ ਪੁਲਸ ਵਰਕਿੰਗ ਕਾਫੀ ਹੱਦ ਤੱਕ ਢਿੱਲੀ ਪੈ ਚੁੱਕੀ ਹੈ। ਕਾਫੀ ਸੁਧਾਰ ਦੀ ਲੋੜ ਹੈ ਤੇ ਪੰਜਾਬ ਸਰਕਾਰ ਲਗਾਤਾਰ ਇਸ 'ਤੇ ਕੰਮ ਕਰ ਰਹੀ ਹੈ। ਜਲਦੀ ਹੀ ਜਨਤਾ ਨਾਲ ਪੁਲਸ ਦਾ ਤਾਲਮੇਲ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕੀ-ਕੀ ਪਰਖਿਆ ਜਾਏਗਾ
1. ਥਾਣਾ ਪੱਧਰ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਬੇੜਾ ਕਿਵੇਂ ਕੀਤਾ ਜਾਂਦਾ ਹੈ।
2. ਐੱਫ. ਆਈ. ਆਰ. ਦਾ ਸਟੇਟਸ ਪੁੱਛਣ 'ਤੇ ਜਨਤਾ ਨੂੰ ਕੀ ਜਵਾਬ ਦਿੱਤਾ ਜਾਂਦਾ ਹੈ।
3. ਸ਼ਿਕਾਇਤਕਰਤਾ ਨੂੰ ਸ਼ਿਕਾਇਤ ਦੀ ਕਾਪੀ ਦੀ ਰਿਸੀਵਿੰਗ ਦਿੱਤੀ ਜਾਂਦੀ ਹੈ ਜਾਂ ਨਹੀਂ।
4. ਚੋਰੀ ਜਾਂ ਐਕਸੀਡੈਂਟ ਜਿਹੀਆਂ ਵਾਰਦਾਤਾਂ ਤੋਂ ਬਾਅਦ ਰਿਕਵਰ ਕੀਤੇ ਸਾਮਾਨ ਦਾ ਕੀ ਕੀਤਾ ਜਾਂਦਾ ਹੈ।
5. ਪੁਲਸ ਵਿਭਾਗ ਨੂੰ ਸੌਂਪੀਆਂ ਗਈਆਂ ਗੱਡੀਆਂ ਦੀ ਕਿਤੇ ਪਰਸਨਲ ਵਰਤੋਂ ਤਾਂ ਨਹੀਂ ਕੀਤੀ ਜਾਂਦੀ।
6. ਕਿਹੜੇ-ਕਿਹੜੇ ਕੇਸਾਂ ਵਿਚ ਕਿੰਨੀ-ਕਿੰਨੀ ਰਿਸ਼ਵਤ ਮੰਗੀ ਜਾਂਦੀ ਹੈ।


Related News