ਪੰਜਾਬ ਪੁਲਸ ਦੇ ਜਵਾਨ ਨਾਲ ਵਾਪਰੀ ਅਨਹੋਣੀ, ਵਿਆਹ ਤੋਂ 28 ਦਿਨ ਪਹਿਲਾਂ ਹੀ ਉੱਠੀ ਅਰਥੀ

01/17/2017 7:25:10 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸਤਲੁਜ ਦਰਿਆ ਕੰਢੇ ਵਸਦੇ ਪਿੰਡ ਟੰਡੀ ਮੰਡ ਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਗਰੇਵਾਲ ਦੇ ਸਪੁੱਤਰ ਤੇ ਪੰਜਾਬ ਪੁਲਸ ’ਚ ਕਾਂਸਟੇਬਲ ਤਾਇਨਾਤ ਪਰਮਜੀਤ ਸਿੰਘ (26) ਦੀ ਬੀਤੀ ਰਾਤ ਗੁਰਾਇਆ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਪੁਲਸ ਮੁਲਾਜ਼ਮ ਪਰਮਜੀਤ ਸਿੰਘ ਸਮਰਾਲਾ ਵਿਖੇ ਸ਼ਿਵ ਸੈਨਾ ਆਗੂ ਰਮਨ ਵਡੇਰਾ ਨਾਲ ਸੁਰੱਖਿਆ ਕਰਮਚਾਰੀ ਸੀ। ਸੜਕ ਹਾਦਸੇ ਵਿਚ ਬਾਕੀ ਹੋਰ 2 ਵਿਅਕਤੀਆਂ ਨਾਲ ਮਾਛੀਵਾੜਾ ਦੇ ਇਲਾਕੇ ਦਾ ਇਹ ਨੌਜਵਾਨ ਵੀ ਮੌਤ ਦੇ ਮੂੰਹ ਵਿਚ ਜਾ ਪਿਆ।
ਪਰਮਜੀਤ ਦਾ 28 ਦਿਨ ਬਾਅਦ ਵਿਆਹ ਸੀ ਤੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਸਨ ਪਰ ਜਿਸ ਘਰ ’ਚੋਂ ਉਸ ਦੀ ਬਰਾਤ ਚੱਲਣੀ ਸੀ, ਉਸੇ ਘਰ ’ਚੋਂ ਇਸ ਨੌਜਵਾਨ ਦੀ ਅਰਥੀ ਉਠੀ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਸੀ। ਪੋਸਟਮਾਰਟਮ ਕਰਨ ਉਪਰੰਤ ਮ੍ਰਿਤਕ ਦੀ ਲਾਸ਼ ਪਿੰਡ ਟੰਡੀ ਮੰਡ ਵਿਖੇ ਪਹੁੰਚੀ, ਜਿੱਥੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਮੌਕੇ ਪੁਲਸ ਕਰਮਚਾਰੀਆਂ ਵੱਲੋਂ ਉਸ ਨੂੰ ਸਲਾਮੀ ਦਿੱਤੀ ਗਈ ਤੇ ਪਿਤਾ ਕੁਲਦੀਪ ਸਿੰਘ ਗਰੇਵਾਲ ਨੇ ਚਿਖ਼ਾ ਨੂੰ ਅਗਨੀ ਦਿਖਾਈ।


Gurminder Singh

Content Editor

Related News