ਲੋਕਾਂ ਨੂੰ ਡਾਗਾਂ! ਖੁਦ ਪਰਿਵਾਰ ਸਣੇ ਘੁੰਮਣ ਨਿਕਲਿਆ ਪੁਲਸ ਮੁਲਾਜ਼ਮ, ਵੀਡੀਓ ਵਾਇਰਲ
Friday, Mar 27, 2020 - 12:21 AM (IST)
ਪੰਜਾਬ : ਕਰਫਿਊ ਲੱਗਾ ਹੈ, ਕਿਸੇ ਨੇ ਬਾਹਰ ਨਹੀਂ ਨਿਕਲਣਾ...ਬਸ ਅੰਦਰ ਰਹੋ। ਕੀ ਇਹ ਸਾਰੇ ਨਿਯਮ ਆਮ ਲੋਕਾਂ ਲਈ ਹੀ ਹਨ, ਪੁਲਸ ਵਾਲਿਆਂ ‘ਤੇ ਅਜਿਹਾ ਕੋਈ ਨਿਯਮ ਲਾਗੂ ਨਹੀਂ ਹੁੰਦਾ। ਇਹ ਗੱਲ ਇਸ ਵੀਡੀਓ ਦੇ ਸਾਹਮਣੇ ਆਉਣ ‘ਤੇ ਕੀਤੀ ਜਾ ਰਹੀ ਹੈ। ਵੀਡੀਓ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਕ ਪੁਲਸ ਵਾਲਾ ਪਰਿਵਾਰ ਸਣੇ ਬਾਈਕ ‘ਤੇ ਜਾ ਰਿਹਾ ਹੈ, ਜਦੋਂ ਕਿ ਪੂਰਾ ਦੇਸ਼ ਲਾਕਡਾਊਨ ਹੈ ਤੇ ਕਿਸੇ ਨੂੰ ਵੀ ਸੜਕਾਂ ‘ਤੇ ਜਾਂ ਘਰਾਂ ਵਿਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜਿਸ ਵਿਚ ਪੁਲਸ ਮੁਲਾਜ਼ਮਾਂ ਵਲੋਂ ਲੋਕਾਂ ਨੂੰ ਸਮਝਾਉਣ ਜਾਂ ਚਿਤਾਵਨੀ ਦੇਣ ਦੀ ਬਜਾਏ ਕੁੱਟਿਆ ਜਾ ਰਿਹਾ ਹੈ। ਕੁਝ ਪੁਲਸ ਮੁਲਾਜ਼ਮਾਂ ਦੀ ਧੱਕੇਸ਼ਾਹੀ ਨਾਲ ਲੋਕ ਬਹੁਤ ਔਖੇ ਹੋ ਗਏ ਹਨ।
ਪੁਲਸ ਦਾ ਤਸ਼ੱਦਦ-
ਇਸ ਤੋਂ ਪਹਿਲਾਂ ਇਕ ਵੀਡੀਓ ਅੰਮਿ੍ਰਤਸਰ ਤੋਂ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਗਰਭਵਤੀ ਪਤਨੀ ਦੀ ਦਵਾਈ ਲੈਣ ਲਈ ਨਿਕਲਿਆ ਤੇ ਪੁਲਸ ਵਾਲਿਆਂ ਨੇ ਉਸ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਗੁਰੂ ਰਾਮਦਾਸ ਨਗਰ ’ਚ ਕਰਫਿਊ ਸਮੇਂ ਨੌਜਵਾਨ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਦਾ ਇਲਾਜ ਕਰਵਾਉਣ ਲਈ ਉਸ ਨੂੰ ਹਸਪਤਾਲ ਲੈ ਜਾ ਰਿਹਾ ਸੀ। ਰਾਸਤੇ ’ਚ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਨੌਜਵਾਨ ਦੀ ਬੜੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਨੌਜਵਾਨ ਨੇ ਪੁਲਸ ਨੂੰ ਕਿਹਾ ਵੀ ਕਿ ਉਹ ਘਰ ਜਾ ਕੇ ਆਪਣੀ ਪਤਨੀ ਦੀ ਰਿਪੋਰਟ ਵੀ ਦਿਖਾ ਸਕਦਾ ਹੈ ਤਾਂ ਪੁਲਸ ਮੁਲਾਜ਼ਮ ਉਸ ਦੇ ਨਾਲ ਘਰ ਚਲੇ ਗਏ, ਜਿਥੇ ਜਾ ਕੇ ਉਨ੍ਹਾਂ ਕਾਫੀ ਬਹਿਸ ਕਰਨ ਤੋਂ ਬਾਅਦ ਨੌਜਵਾਨ ਨੂੰ ਘਰ ਤੋਂ ਬਾਹਰ ਲੈ ਗਏ। ਘਰੋਂ ਬਾਹਰ ਲੈ ਜਾਣ ’ਤੇ ਉਨ੍ਹਾਂ ਸੜਕ ’ਤੇ ਉਸ ਦੀ ਮੁੜ ਤੋਂ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਦੇ ਨੱਕ ਦੀ ਹੱਡੀ ਟੁੱਟ ਗਈ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ।
ਹਾਲਾਂਕਿ ਇਹ ਨਹੀਂ ਹੈ ਕਿ ਸਿਰਫ ਪੁਲਸ ਵੱਲੋਂ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਬਹੁਤ ਸਾਰੇ ਲੋਕ ਹਨ ਜੋ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦੇ ਦਿਸੇ ਹਨ ਅਤੇ ਪੁਲਸ ਨੂੰ ਫੋਰਸ ਵਰਤਣ ਲਈ ਮਜ਼ਬੂਰ ਕਰ ਰਹੇ ਹਨ। ਲੋਕ ਇਹ ਗੱਲ ਸਮਝਣ ਨੂੰ ਤਿਆਰ ਨਹੀਂ ਕਿ ਕੋਰੋਨਾ ਵਾਇਰਸ ਇਕ ਬਹੁਤ ਗੰਭੀਰ ਮਹਾਮਾਰੀ ਹੈ ਅਤੇ ਕੋਈ ਵੀ ਇਕ ਇਨਫੈਕਟਡ ਹਜ਼ਾਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਹਰ ਜ਼ਰੂਰੀ ਚੀਜ਼ ਘਰ ਪਹੁੰਚੇਗੀ ਬਾਹਰ ਨਾ ਨਿਕਲੋ ਫਿਰ ਇਸ ਦੀ ਅਣਦੇਖੀ ਕਰਨਾ ਸਿਸਟਮ ਨੂੰ ਖਰਾਬ ਕਰਨਾ ਹੋਰਾਂ ਲਈ ਵੀ ਘਾਤਕ ਹੋ ਸਕਦਾ ਹੈ। ਜ਼ਰੂਰੀ ਹੈ ਕਿ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਦੱਸ ਦੇਈਏ ਕਿ ਐਮਰਜੈਂਸੀ ਹਸਪਤਾਲ ਜਾਣ, ਖਾਣ-ਪੀਣ, ਕਰਿਆਨੇ ਦਾ ਸਮਾਨ, ਦਵਾਈ ਜਾਂ ਐੱਲ. ਪੀ. ਜੀ. ਨਾਲ ਸੰਬੰਧਤ ਮੁੱਦਿਆਂ ਲਈ ਤੁਸੀਂ 112 'ਤੇ ਕਾਲ ਕਰ ਸਕਦੇ ਹੋ।