ਪੁਲਸ ਮੁਲਾਜ਼ਮ ਦਾ ਹਨੀ ਟ੍ਰੈਪ, 2 ਔਰਤਾਂ ਨਾਲ ਮਿਲ ਕੇ ਰਚੀ ਖੇਡ

01/20/2019 5:06:31 PM

ਜਲੰਧਰ (ਸੋਨੂੰ)— ਜਲੰਧਰ 'ਚੋਂ ਇਕ ਸਰਕਾਰੀ ਮੁਲਾਜ਼ਮ ਨੂੰ ਹਨੀ ਟ੍ਰੈਪ ਦੇ ਜ਼ਰੀਏ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਪੰਜਾਬ ਪੁਲਸ ਦੇ ਰਾਜਾ ਸਿੰਘ ਦੇ ਨਾਮ ਦੇ ਇਕ ਹੌਲਦਾਰ ਨੂੰ ਹਨੀ ਟ੍ਰੈਪ ਦੇ ਦੋਸ਼ 'ਚ ਦੋ ਔਰਤਾਂ ਸਮੇਤ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਨੇ ਰਿਸ਼ਵਤ ਦੇ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਜਲੰਧਰ ਵਿਜੀਲੈਂਸ ਵਿਭਾਗ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਹਨੀ ਟ੍ਰੈਪ ਦਾ ਪਰਦਾਫਾਸ਼ ਕੀਤਾ ਗਿਆ। 

PunjabKesari

ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸਰਕਾਰੀ ਮੁਲਾਜ਼ਮ ਨੇ ਸ਼ਿਕਾਇਤ ਦਿੱਤੀ ਸੀ ਕਿ ਸੂਰਿਆ ਇਨਕਲੇਵ ਇਲਾਕੇ ਦੀ ਰਹਿਣ ਵਾਲੀ ਇਕ ਮਹਿਲਾ ਨੇ ਉਨ੍ਹਾਂ ਨੂੰ ਫੇਸਬੁੱਕ ਜ਼ਰੀਏ ਆਪਣੇ ਜਾਲ 'ਚ ਫਸਾਇਆ ਅਤੇ ਬਾਅਦ 'ਚ ਉਕਤ ਮੁਲਾਜ਼ਮ ਮਿਲਣ ਲਈ ਉਸ ਦੇ ਘਰ ਗਿਆ ਤਾਂ ਉਥੇ ਪਹਿਲਾਂ ਹੀ ਇਕ ਹੋਰ ਮਹਿਲਾ ਮੌਜੂਦ ਸੀ। ਇਸ ਦੌਰਾਨ ਉਥੇ ਇਕ ਪੁਲਸ ਮੁਲਾਜ਼ਮ ਆ ਗਿਆ ਅਤੇ ਆਉਂਦੇ ਹੀ ਸ਼ਿਕਾਇਤ ਕਰਤਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗਾ ਕਿ ਉਹ ਉਸ 'ਤੇ ਰੰਗਰਲੀਆਂ ਮਨਾਉਣ ਦਾ ਪਰਚਾ ਦਰਜ ਕਰਕੇ ਜੇਲ ਭੇਜ ਦੇਵੇਗਾ। ਰਾਜ ਸਿੰਘ ਉਕਤ ਮਹਿਲਾਵਾਂ ਨਾਲ ਮਿਲਿਆ ਹੋਇਆ ਸੀ ਅਤੇ ਉਸ ਨੇ ਸ਼ਿਕਾਇਤ ਕਰਤਾ ਨੂੰ 2 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। 

PunjabKesari

ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਮੁਲਾਜ਼ਮ ਵੱਲੋਂ ਪੈਸਿਆਂ ਦੀ ਮੰਗ ਕਰਨ 'ਤੇ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਦੇ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਹੌਲਦਾਰ ਨੇ ਇਕ ਲੱਖ ਰੁਪਏ ਦੇਣ ਦੀ ਗੱਲ ਕਹੀ। ਸ਼ਿਕਾਇਤ ਕਰਤਾ ਕੋਲੋਂ ਇਕ ਲੱਖ ਰੁਪਏ ਦੇ ਚੈੱਕ ਸਮੇਤ ਇਕ ਬਲੈਂਕ ਚੈੱਕ ਲੈ ਲਿਆ ਅਤੇ ਕਿਹਾ ਕਿ ਨਕਦੀ ਪੈਸੇ ਦੇ ਕੇ ਚੈੱਕ ਲੈ ਲੈਣਾ। ਇਸ ਦੌਰਾਨ ਸ਼ਿਕਾਇਤ ਕਰਤਾ ਅਤੇ ਹੌਲਦਾਰ ਰਾਜਾ ਸਿੰਘ 'ਚ 50-50 ਹਜ਼ਾਰ ਦੋ ਕਿਸ਼ਤਾਂ 'ਚ ਰਿਸ਼ਵਤ ਦੇਣਾ ਤੈਅ ਹੋਇਆ। ਐੱਸ. ਐੱਸ. ਪੀ. ਨੇ ਕਿਹਾ ਕਿ ਜਦੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਵਿਭਾਗ ਨੂੰ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਰੰਗੇ ਹੱਥੀਂ 50 ਹਜ਼ਾਰ ਦੀ ਰਿਸ਼ਵਤ ਲੈਂਦੇ ਕਾਬੂ ਕਰ ਲਿਆ। ਦਲਜਿੰਦਰ ਸਿੰਘ ਢਿੱਲੋਂ ਦੀ ਮੰਨੀਏ ਤਾਂ ਹੌਲਦਾਰ ਰਾਜਾ ਸਿੰਘ ਅਤੇ ਦੋਵੇਂ ਔਰਤਾਂ ਸਰਕਾਰੀ ਮੁਲਾਜ਼ਮਾਂ ਨੂੰ ਹੀ ਖਾਸ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ ਸਰਕਾਰੀ ਮੁਲਾਜ਼ਮ ਆਸਾਨੀ ਨਾਲ ਇਨ੍ਹਾਂ ਦੇ ਸ਼ਿਕੰਜੇ 'ਚ ਫੱਸ ਜਾਂਦੇ ਹਨ ਅਤੇ ਰਿਸ਼ਵਤ ਦੇਣ ਲਈ ਆਸਾਨੀ ਨਾਲ ਰਾਜ਼ੀ ਹੋ ਜਾਂਦੇ ਸਨ।


shivani attri

Content Editor

Related News