ਪੁਲਸ ਦੀ ਨੱਕ ਹੇਠ ''ਲਾਲ ਪਰੀ'' ਦਾ ਦੌਰ

09/01/2017 3:47:03 PM

ਮੋਹਾਲੀ (ਰਾਣਾ)-ਪੰਜਾਬ ਪੁਲਸ ਦੀ ਨੱਕ ਹੇਠ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਫੇਜ਼-5 ਵਿਚ ਇਕ ਢਾਬੇ ਦੇ ਬਾਹਰ ਖੁੱਲ੍ਹੇ ਵਿਚ ਲੋਕ ਟੇਬਲ-ਕੁਰਸੀਆਂ 'ਤੇ ਬੈਠ ਕੇ ਸ਼ਰਾਬ ਦੇ ਜਾਮ ਟਕਰਾਉਂਦੇ ਹਨ । ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਪੰਜਾਬ ਪੁਲਸ ਵੀ ਉਨ੍ਹਾਂ 'ਤੇ ਦਿਆਲੂ ਬਣੀ ਹੋਈ ਹੈ। 
'ਜਗ ਬਾਣੀ' ਨੇ ਢਾਬੇ ਦਾ ਦੌਰਾ ਕੀਤਾ ਤਾਂ ਇਥੇ ਢਾਬੇ ਦੇ ਬਾਹਰ ਪੀ. ਸੀ. ਆਰ. ਦੀ ਗੱਡੀ ਤਕ ਖੜ੍ਹੀ ਮਿਲੀ । ਅਜਿਹੇ ਵਿਚ ਪਤਾ ਲਾਇਆ ਜਾ ਸਕਦਾ ਹੈ ਕਿ ਜਦੋਂ ਪੁਲਸ ਦਾ ਸਾਥ ਮਿਲਿਆ ਹੋਵੇ ਤਾਂ ਫਿਰ ਕਿਸ ਦਾ ਡਰ । ਮੋਹਨ ਢਾਬੇ ਵਿਚ ਮੀਟ ਤੇ ਰੋਟੀ ਸਰਵ ਕੀਤੀ ਜਾਂਦੀ ਹੈ । ਅਜਿਹੇ ਵਿਚ ਇਥੇ ਸਵੇਰੇ-ਸ਼ਾਮ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ । ਉਥੇ ਹੀ ਸ਼ਾਮ ਹੁੰਦਿਆਂ ਹੀ ਲੋਕ ਸ਼ਰਾਬ-ਬੀਅਰ ਦੀਆਂ ਬੋਤਲਾਂ ਢਾਬੇ ਦੇ ਬਾਹਰ ਖੋਲ੍ਹ ਕੇ ਨਿਡਰ ਹੋ ਕੇ ਜਾਮ ਲਾਉਂਦੇ ਹਨ । ਉਥੇ ਹੀ ਨਿਯਮਾਂ ਮੁਤਾਬਕ ਖੁੱਲ੍ਹੇ ਵਿਚ ਜਨਤਕ ਥਾਂ 'ਤੇ ਸ਼ਰਾਬ ਪੀਣਾ ਗੈਰ-ਕਾਨੂੰਨੀ ਹੈ ਤੇ ਐਕਸਾਈਜ਼ ਐਕਟ ਤਹਿਤ ਕਾਰਵਾਈ ਵੀ ਬਣਦੀ ਹੈ । ਬਾਵਜੂਦ ਇਸ ਦੇ ਇਥੇ ਕੋਈ ਰੋਕ-ਟੋਕ ਨਹੀਂ।  ਇਲਾਕਾ ਕੌਂਸਲਰ ਵੀ ਕਈ ਵਾਰ ਖੁੱਲ੍ਹੇ ਵਿਚ ਸ਼ਰਾਬ ਪੀਣ ਕਾਰਨ ਮਾਹੌਲ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਬਾਵਜੂਦ ਇਸ ਦੇ ਪੁਲਸ ਮੂਕਦਰਸ਼ਕ ਬਣੀ ਹੋਈ ਹੈ, ਜਿਸ ਨਾਲ ਢਾਬੇ 'ਤੇ ਪੁਲਸ ਦੇ ਦਿਆਲੂਪਣ ਦਾ ਸ਼ੱਕ ਪੈਦਾ ਹੁੰਦਾ ਹੈ।  
ਸੁਪਰਡੈਂਟ ਨਗਰ ਨਿਗਮ ਜਸਵੀਰ ਸਿੰਘ ਨੇ ਕਿਹਾ ਕਿ ਹਾਂ ਮੈਨੂੰ ਪਤਾ ਹੈ ਕਿ ਫੇਜ਼-5 ਵਿਚ ਢਾਬਾ ਮਾਲਕ ਨੇ ਬਾਹਰ ਤਕ ਥਾਂ ਘੇਰੀ ਹੋਈ ਹੈ ਜਿਸ 'ਤੇ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ । ਉਹ ਰਾਮ ਰਹੀਮ ਕੇਸ ਕਾਰਨ ਰੁੱਝੇ ਹੋਏ ਸਨ ਪਰ ਹੁਣ ਉਸ 'ਤੇ ਫਿਰ ਸ਼ਿਕੰਜਾ ਕੱਸਿਆ ਜਾਵੇਗਾ।

ਜਦੋਂ ਪੁਲਸ ਹੀ ਦੇਵੇ ਪਹਿਰਾ ਤਾਂ ਡਰ ਕਿਸ ਦਾ  
ਫੇਜ਼-5 ਦੀ ਮਾਰਕਿਟ ਵਿਚ ਮੋਹਨ ਢਾਬੇ 'ਤੇ ਮੀਟ ਬਣਦਾ ਹੈ । ਢਾਬੇ ਕੋਲ ਸਿਰਫ ਇਕ ਬੂਥ ਹੈ ਪਰ ਢਾਬਾ ਮਾਲਕ ਨੇ ਬੂਥ ਦੇ ਸਾਹਮਣੇ ਤੇ ਆਲੇ-ਦੁਆਲੇ ਦੀ ਥਾਂ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ, ਜਿਵੇਂ ਹੀ ਸ਼ਾਮ ਹੁੰਦੀ ਹੈ ਇਥੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ । ਢਾਬੇ ਦੇ ਸਾਹਮਣੇ ਲੱਗੀਆਂ ਕੁਰਸੀਆਂ-ਟੇਬਲਾਂ 'ਤੇ ਖਾਣ ਵਾਲਿਆਂ ਦੀ ਅਜਿਹੀ ਭੀੜ ਜੁਟਣ ਲੱਗਦੀ ਹੈ ਕਿ ਕੁਝ ਲੋਕ ਵੇਟਿੰਗ 'ਤੇ ਹੁੰਦੇ ਹਨ । 
ਜ਼ਿਆਦਾਤਰ ਟੇਬਲਾਂ 'ਤੇ ਸ਼ਰਾਬ ਦੀਆਂ ਬੋਤਲਾਂ ਤੇ ਗਲਾਸ ਭਰੇ ਹੁੰਦੇ ਹਨ । ਉਥੇ ਹੀ ਢਾਬੇ ਦੇ ਸਾਹਮਣੇ ਜ਼ਿਆਦਾਤਰ ਪੀ. ਸੀ. ਆਰ. ਦੀ ਗੱਡੀ ਖੜ੍ਹੀ ਹੁੰਦੀ ਹੈ ਪਰ ਇਸ ਵਿਚ ਬੈਠੇ ਮੁਲਾਜ਼ਮ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਕਰਦੇ ਜਿਸ ਕਾਰਨ ਪੀਣ ਵਾਲਿਆਂ ਦਾ ਹੌਸਲਾ ਹੋਰ ਬੁਲੰਦ ਹੋ ਜਾਂਦਾ ਹੈ ।  

ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਜੇਕਰ ਢਾਬੇ ਦੇ ਬਾਹਰ ਲੋਕ ਸ਼ਰੇਆਮ ਸ਼ਰਾਬ ਪੀਂਦੇ ਹਨ ਤਾਂ ਉਨ੍ਹਾਂ ਖਿਲਾਫ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ । ਮੇਰੇ ਧਿਆਨ ਵਿਚ ਪਹਿਲਾਂ ਇਹ ਮਾਮਲਾ ਨਹੀਂ ਸੀ ਪਰ ਜੇਕਰ ਅਜਿਹਾ ਹੈ ਤਾਂ ਹੁਣ ਉਥੇ ਇਕ ਵੀ ਵਿਅਕਤੀ ਸ਼ਰਾਬ ਪੀਂਦਾ ਹੋਇਆ ਵਿਖਾਈ ਨਹੀਂ ਦੇਵੇਗਾ ।  
ਕੌਂਸਲਰ ਤਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਫੇਜ਼-5 ਦੇ ਮੋਹਨ ਢਾਬੇ 'ਤੇ ਸ਼ਰੇਆਮ ਸ਼ਰਾਬ ਪਿਲਾਈ ਜਾਂਦੀ ਹੈ, ਜਿਸ ਬਾਰੇ ਮੈਂ ਡੀ. ਐੱਸ. ਪੀ. ਆਲਮ ਵਿਜੇ ਨੂੰ ਫੋਨ ਕਰ ਚੁੱਕਾ ਹਾਂ ਪਰ ਸਿਰਫ ਇਕ ਦਿਨ ਲਈ ਇਥੇ ਕਾਰਵਾਈ ਹੁੰਦੀ ਹੈ ਤੇ ਅਗਲੇ ਦਿਨ ਫਿਰ ਉਥੇ ਉਹੋ ਕੰਮ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਇਥੋਂ ਕੋਈ ਵੀ ਔਰਤ ਨਹੀਂ ਲੰਘ ਸਕਦੀ ਇਸ ਲਈ ਹੁਣ ਅਫਸਰਾਂ ਨੂੰ ਲਿਖਤੀ ਵਿਚ ਸ਼ਿਕਾਇਤ ਦਿੱਤੀ ਜਾਵੇਗੀ ।


Related News