ਪੁਲਸ ਕਾਂਸਟੇਬਲ ਦੀਆਂ ਆਸਾਮੀਆਂ ਲਈ ਪੇਪਰ ਦੇਣ ਵਾਲੇ ਮੁੰਡੇ-ਕੁੜੀਆਂ ਨੇ ਘੇਰਿਆ ਦਿੱਲੀ-ਲੁਧਿਆਣਾ ਮੁੱਖ ਮਾਰਗ
Monday, Nov 29, 2021 - 05:28 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) - ਪੰਜਾਬ ਪੁਲਸ ਕਾਂਸਟੇਬਲ ਦੀਆਂ ਆਸਾਮੀਆਂ ਲਈ ਪੇਪਰ ਦੇ ਚੁੱਕੇ ਮੁੰਡੇ ਅਤੇ ਕੁੜੀਆਂ ਨੇ ਅੱਜ ਦਿੱਲੀ-ਲੁਧਿਆਣਾ ਮੁੱਖ ਮਾਰਗ ’ਤੇ ਸਥਾਨਕ ਮਹਾਵੀਰ ਚੌਕ ’ਚ ਆਪਣੀਆਂ ਮੰਗਾਂ ਸਬੰਧੀ ਜਾਮ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀਆਂ ਮਨਪ੍ਰੀਤ ਸਿੰਘ, ਜਗਤਾਰ ਸਿੰਘ, ਹਰਦੀਪ ਕੌਰ ਤੇ ਲਖਵੀਰ ਕੌਰ ਆਦਿ ਨੇ ਕਿਹਾ ਕਿ ਅਸੀਂ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਪੁਲਸ ਕਾਂਸਟੇਬਲ ਦੀਆਂ ਆਸਾਮੀਆਂ ਲਈ ਪੇਪਰ ਦਿੱਤਾ ਸੀ, ਜਿਸ ਦਾ ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਨਤੀਜਾ ਐਲਾਨ ਕੀਤਾ ਹੈ। ਇਸ ਨਤੀਜੇ ’ਚ ਸਾਡਾ ਨਾਂ ਅਤੇ ਰੋਲ ਨੰਬਰ ਹੀ ਜਾਰੀ ਕੀਤਾ ਹੈ, ਜਦਕਿ ਇਸ ’ਚ ਸਾਡੇ ਨੰਬਰ ਨਹੀਂ ਦਰਸਾਏ ਗਏ। ਉਨ੍ਹਾਂ ਨੇ ਕਿਹਾ ਕਿ ਨਾ ਹੀ ਕੈਟਾਗਰੀ ਮੁਤਾਬਕ ਕੱਟ ਆਫ ਦਰਸਾਈ ਗਈ।
ਉਕਤ ਧਰਨਾਕਾਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਪੇਪਰ ’ਚੋਂ ਆਏ ਹੋਏ ਨੰਬਰ ਦੱਸੇ ਜਾਣ। ਦਸ ਗੁਣਾਂ ਉਮੀਦਵਾਰਾਂ ਨੂੰ ਫਿਜ਼ੀਕਲ ਲਈ ਬੁਲਾਇਆ ਜਾਵੇ। ਹਾਜ਼ਰੀ ਸੋਅ ਕੀਤੀ ਜਾਵੇ ਅਤੇ ਕੈਂਸਲ ਕੀਤੀਆਂ ਭਰਤੀਆਂ ਜਲਦ ਕਰਵਾਈਆਂ ਜਾਣ। ਇਸ ਦੌਰਾਨ ਧਰਨਾਕਾਰੀਆ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ। ਇਸ ਤੋਂ ਇਲਾਵਾ ਜੇਕਰ ਸਰਕਾਰ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਦੇਵੇਗੀ ਤਾਂ ਉਹ ਵੋਟ ਨਹੀਂ ਦੇਣਗੇ।
ਐੱਸ. ਡੀ. ਐੱਮ .ਨੂੰ ਦਿੱਤਾ ਮੰਗ ਪੱਤਰ
ਉਕਤ ਧਰਨਾਕਾਰੀਆਂ ਵੱਲੋਂ ਧਰਨੇ ਲਾਏ ਜਾਣ ਦਾ ਪਤਾ ਲੱਗਦਿਆਂ ਸਥਾਨਕ ਸਿਟੀ ਪੁਲਸ ਮੁੱਖੀ ਗੁਰਵੀਰ ਸਿੰਘ ਤੇ ਸਿਟੀ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਮੌਕੇ ’ਤੇ ਪੁਲਸ ਪਾਰਟੀ ਨਾਲ ਪਹੁੰਚ ਗਏ। ਉਨ੍ਹਾਂ ਨੇ ਸਮਝਾ ਬੁਝਾ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਐੱਸ. ਡੀ. ਐੱਮ. ਸੰਗਰੂਰ ਨੂੰ ਧਰਨਾਕਾਰੀਆਂ ਨੇ ਮੰਗ ਪੱਤਰ ਦਿੱਤਾ।