ਪੰਜਾਬ ਪੁਲਸ ਦਾ ਕਾਰਨਾਮਾ, ਕਾਰ ਚਾਲਕ ਦਾ ਹੈਲਮੈੱਟ ਨਾ ਪਾਉਣ ’ਤੇ ਕੱਟਿਆ ਚਲਾਨ
Wednesday, Jun 09, 2021 - 03:19 PM (IST)
ਖਮਾਣੋਂ (ਜਟਾਣਾ) : ਪੰਜਾਬ ਪੁਲਸ ਅਕਸਰ ਆਪਣੇ ਕਾਰਨਾਮਿਆਂ ਕਰ ਕੇ ਚਰਚਾ ’ਚ ਰਹਿੰਦੀ ਹੈ। ਇਸੇ ਤਰ੍ਹਾਂ ਥਾਣਾ ਖੇੜੀ ਨੌਧ ਸਿੰਘ ਅੱਜ-ਕਲ ਚਰਚਾ ’ਚ ਰਹਿਣ ਕਰ ਕੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਟੋਰ ਰਿਹਾ ਹੈ ਕਿਉਂਕਿ ਕੁੱਝ ਦਿਨ ਪਹਿਲਾਂ 2 ਪੁਲਸ ਮੁਲਾਜ਼ਮਾਂ ਦਰਮਿਆਨ ਹੋਈ ਲੜਾਈ ਚਰਚਾ ’ਚ ਰਹੀ। ਇਸ ਤੋਂ ਬਾਅਦ ਹੁਣ ਪੁਲਸ ਥਾਣਾ ਖੇੜੀ ਨੌਧ ਸਿੰਘ ਅੱਗੇ ਲੱਗੇ ਨਾਕੇ ’ਤੇ ਤਾਇਨਾਤ ਇਕ ਥਾਣੇਦਾਰ ਨੇ ਕਾਰ ਚਾਲਕ ਦਾ ਹੈਲਮੈੱਟ ਨਾ ਪਾਉਣ ’ਤੇ ਚਲਾਨ ਕਰ ਕੇ ਨਵਾਂ ਕਾਰਨਾਮਾ ਕਰ ਵਿਖਾਇਆ।
ਇਸ ਸਬੰਧੀ ਕਾਰ ਚਾਲਕ ਤੇਜਵੀਰ ਸਿੰਘ ਪੁੱਤਰ ਮਲਾਗਰ ਸਿੰਘ ਪਿੰਡ ਅਮਰਾਲਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ 22 ਮਈ ਨੂੰ ਖੇੜੀ ਨੌਧ ਸਿੰਘ ਪੁਲਸ ਥਾਣੇ ਅੱਗਿਓਂ ਕਾਰ ਰਾਹੀਂ ਖੰਨਾ ਜਾ ਰਹੇ ਸਨ ਕਿ ਥਾਣੇ ਅੱਗੇ ਲੱਗੇ ਨਾਕੇ ’ਤੇ ਸਾਨੂੰ ਪੁਲਸ ਨੇ ਰੋਕ ਕੇ ਮੇਰਾ ਹੈਲਮੈੱਟ ਨਾ ਪਾਉਣ ’ਤੇ ਚਲਾਨ ਕਰ ਦਿੱਤਾ। ਇਥੇ ਹੀ ਬੱਸ ਨਹੀਂ ਨਾਕੇ ’ਤੇ ਤਾਇਨਾਤ ਪੁਲਸ ਵੱਲੋਂ ਮੇਰਾ ਚਲਾਨ 22 ਮਈ ਨੂੰ ਕੀਤਾ ਗਿਆ, ਜਿਸ ਉੱਪਰ ਚਲਾਨ ਕੱਟਣ ਦੀ ਤਾਰੀਖ਼ 21 ਮਈ ਪਾਈ ਗਈ।
ਚਲਾਨ ਕੱਟਣ ਵਾਲੇ ਮੁਲਾਜ਼ਮ ਨੇ ਦਸਤਖ਼ਤ ਕੀਤੇ, ਉਸ ਥਾਂ ’ਤੇ 22 ਮਈ ਅਤੇ ਚਲਾਨ ਭੁਗਤਣ ਦੀ ਤਾਰੀਖ਼ 31 ਮਈ ਪਾਈ ਗਈ ਪਰ ਸਭ ਤੋਂ ਵੱਡੀ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਨਾਕੇ ’ਤੇ ਖੜ੍ਹੇ ਮੁਲਾਜ਼ਮ ਨੂੰ ਕਾਰ ਚਾਲਕ ਨੇ ਚਲਾਨ ਕੱਟਣ ਤੋਂ ਬਾਅਦ ਇਹ ਗੱਲ ਵੀ ਦੱਸੀ ਕਿ ਜਨਾਬ ਮੇਰੇ ਕੋਲ ਕਾਰ ਹੈ ਪਰ ਤੁਸੀਂ ਹੈਲਮੈੱਟ ਦਾ ਚਲਾਨ ਕਰ ਰਹੇ ਹੋ ਪਰ ਸਾਹਿਬ ਨੇ ਇਕ ਨਾ ਸੁਣੀ ਅਤੇ ਮੇਰੇ ਕੋਲ ਕਾਰ ਹੋਣ ਦੇ ਬਾਵਜੂਦ ਹੈਲਮੈੱਟ ਦਾ ਚਲਾਨ ਕੱਟ ਕੇ ਮੇਰੇ ਹੱਥ ’ਚ ਫੜ੍ਹਾ ਦਿੱਤਾ।