ਤੁਹਾਨੂੰ ਵੀ ਮਿਲੇ ''2,000 ਰੁਪਏ ਦਾ DIWALI GIFT'' ਤਾਂ ਸਾਵਧਾਨ! ਭੁੱਲ ਕੇ ਵੀ ਨਾ ਕਰਿਓ ਇਹ ਗਲਤੀ
Wednesday, Nov 04, 2026 - 07:42 PM (IST)
ਲੁਧਿਆਣਾ (ਰਾਜ)- ਤਿਉਹਾਰਾਂ ਦੇ ਸੀਜ਼ਨ ਵਿਚ ਆਮ ਨਾਗਰਿਕਾਂ ਦੀ ਮਿਹਨਤ ਦੀ ਕਮਾਈ ’ਤੇ ਡਾਕਾ ਮਾਰਨ ਲਈ ਸਰਗਰਮ ਹੋਏ ਅੰਤਰਰਾਸ਼ਟਰੀ ਸਾਈਬਰ ਅਪਰਾਧੀਆਂ ਦੇ ਖਿਲਾਫ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਵਿਸ਼ੇਸ਼ ਡਿਜ਼ੀਟਲ ਜਾਗਰੂਕਤਾ ਮੁਹਿੰਮ ਛੇੜੀ ਹੈ। ਲੁਧਿਆਣਾ ਦੇ ਸਾਈਬਰ ਸੈੱਲ ਪੁਲਸ ਕਮਿਸ਼ਨਰੇਟ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ’ਤੇ 48 ਸੈਂਕਿੰਡ ਦਾ ਇਕ ਅਸਰਦਾਰ ਵੀਡੀਓ ਸੁਨੇਹਾ ਸਾਂਝਾ ਕਰਕੇ ਜਨਤਾ ਨੂੰ ਸਾਈਬਰ ਠੱਗਾਂ ਦੇ ਨਵੇਂ ਅਤੇ ਖਤਰਨਾਕ ਹਥਕੰਡੇ ਤੋਂ ਸਾਵਧਾਨ ਕੀਤਾ ਹੈ। ਪੁਲਸ ਦੇ ਮੁਤਾਬਕ, ਤਿਉਹਾਰਾਂ ਦੇ ਉਤਸ਼ਾਹ ਦਾ ਫਾਇਦਾ ਉਠਾ ਕੇ ਠੱਗ ਵ੍ਹਟਸਐਪ ‘ਤੇ ਆਕਰਸ਼ਕ ਤੋਹਫਿਆਂ ਦਾ ਲਾਲਚ ਦੇ ਕੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ।
ਦੋ ਹਜ਼ਾਰ ਦਾ ਦੀਵਾਲੀ ਗਿਫਟ ਵਾਊਚਰ, ਇਸ ਤਰ੍ਹਾਂ ਬੁਣਿਆ ਜਾ ਰਿਹੈ ਠੱਗੀ ਦਾ ਜਾਲ
ਕਮਿਸ਼ਨਰ ਆਫ ਪੁਲਸ ਨੇ ਵੀਡੀਓ ਵਿਚ ਵਿਸਥਾਰ ਨਾਲ ਸਮਝਾਇਆ ਕਿ ਅੱਜ ਕੱਲ ਨਾਗਰਿਕਾਂ ਦੇ ਵ੍ਹਟਸਐਪ ਨੰਬਰਾਂ ’ਤੇ ਇਕ ਲੁਭਾਉਣਾ ਮੈਸੇਜ ਭੇਜਿਆ ਜਾ ਰਿਹਾ ਹੈ। ਇਸ ਸੁਨੇਹੇ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਸਬੰਧਤ ਵਿਅਕਤੀ ਨੇ 2000 ਰੁਪਏ ਦਾ ਦੀਵਾਲੀ ਗਿਫਟ ਜਿੱਤ ਲਿਆ ਹੈ। ਇਨਾਮ ਦੀ ਰਕਮ ਹਾਸਲ ਕਰਨ ਲਈ ਮੈਸੇਜ ਦੇ ਥੱਲੇ ਇਕ ਵੈੱਬ ਲਿੰਕ ਦਿੱਤਾ ਹੁੰਦਾ ਹੈ ਤੇ ਯੂਜ਼ਰ ਨੂੰ ਉਸ ’ਤੇ ਤੁਰੰਤ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਜਿਵੇਂ ਹੀ ਕੋਈ ਵਿਅਕਤੀ ਲਾਲਚ ਜਾਂ ਉਤਸੁਕਤਾ ਵਿਚ ਆ ਕੇ ਉਸ ਲਿੰਕ ‘ਤੇ ਕਲਿੱਕ ਕਰਦਾ ਹੈ, ਉਸ ਦੇ ਮੋਬਾਇਲ ਫੋਨ ਵਿਚ ਖਤਰਨਾਕ ਮਲਵੇਅਰ ਡਾਊਨਲੋਡ ਹੋ ਜਾਂਦਾ ਹੈ। ਇਸ ਨਾਲ ਉਸ ਦਾ ਫੋਨ ਰਿਮੋਟਲੀ ਹੈਕ ਹੋ ਜਾਂਦਾ ਹੈ ਤੇ ਸਾਈਬਰ ਅਪਰਾਧੀ ਕੁਝ ਹੀ ਸੈਕਿੰਡਾਂ ਵਿਚ ਬੈਂਕ ਖਾਤੇ ਤੋਂ ਸਾਰੇ ਪੈਸਾ ਸਾਫ ਕਰ ਦਿੰਦੇ ਹਨ।
ਦੇਸ਼ੀ ਧਰਤੀ ਤੋਂ ਚਲਾਇਆ ਜਾ ਰਿਹਾ ਸਿੰਡੀਕੇਟ, ਕਰੀਬੀ ਦੇ ਭੇਜੇ ਲਿੰਕ ’ਤੇ ਵੀ ਨਾ ਕਰੋ ਭਰੋਸਾ
ਪੁਲਸ ਦੀ ਤਕਨੀਕੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਸਾਈਬਰ ਠੱਗੀ ਦੇ ਤਾਰ ਭਾਰਤ ਤੋਂ ਬਾਹਰ ਹੋਰਨਾਂ ਦੇਸ਼ਾਂ ਵਿਚ ਬੈਠੇ ਸਾਈਬਰ ਗਿਰੋਹਾਂ ਨਾਲ ਜੁੜੇ ਹਨ। ਸਾਈਬਰ ਸੈੱਲ ਨੇ ਨਾਗਰਿਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹ ਕਿ ਇਸ ਤਰ੍ਹਾਂ ਦੇ ਕਿਸੇ ਵੀ ਸ਼ੱਕੀ ਜਾਂ ਅਣਜਾਣ ਲਿੰਕ ’ਤੇ ਕਦੇ ਕਲਿੱਕ ਨਾ ਕਰੋ। ਉਨ੍ਹਾਂ ਆਗਾਹ ਕੀਤਾ ਕਿ ਆਮ ਕਰਕੇ ਹੈਕ ਹੋਏ ਫੋਨ ਤੋਂ ਇਹ ਲਿੰਕ ਆਪਣੇ ਆਪ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਗਰੁੱਪਾਂ ਵਿਚ ਫਾਰਵਰਡ ਹੋ ਜਾਂਦਾ ਹੈ। ਇਸ ਲਈ ਜੇਕਰ ਲਿੰਕ ਤੁਹਾਡੇ ਕਿਸੇ ਬੇਹੱਦ ਕਰੀਬੀ ਜਾਣਕਾਰ ਨੇ ਵੀ ਭੇਜਿਆ ਹੋਵੇ ਤਾਂ ਵੀ ਉਸ ’ਤੇ ਕਲਿੱਕ ਕਰਨ ਤੋਂ ਬਚੋ।
ਦੋ ਹਜ਼ਾਰ ਰੁਪਏ ਕਿਸੇ ਦੇ ਲਈ ਛੋਟੀ ਰਕਮ ਪਰ ਗਰੀਬ ਲਈ ਪੂਰੀ ਦੀਵਾਲੀ
ਵੀਡੀਓ ਸੁਨੇਹੇ ਦੌਰਾਨ ਪੁਲਸ ਮੁਲਾਜ਼ਮ ਨੇ ਅੱਤ ਸੰਵੇਦਨਸ਼ੀਲ ਤੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ 2000 ਰੁਪਏ ਦੀ ਰਕਮ ਸ਼ਾਇਦ ਕਿਸੇ ਸੰਪੰਨ ਵਿਅਕਤੀ ਦੇ ਲਈ ਮਾਮੂਲੀ ਹੋ ਸਕਦੀ ਹੈ ਪਰ ਸਮਾਜ ਦੇ ਗਰੀਬ ਅਤੇ ਲੋੜਵੰਦ ਤਬਕੇ ਦੇ ਲਈ ਇਹ ਉਨ੍ਹਾਂ ਦੀ ਪੂਰੀ ਦੀਵਾਲੀ ਦਾ ਬਜਟ ਅਤੇ ਖੁਸ਼ੀਆਂ ਹੁੰਦੀਆਂ ਹਨ। ਜਦੋਂ ਕੋਈ ਮਜ਼ਦੂਰ ਜਾਂ ਛੋਟਾ ਕਾਰੋਬਾਰੀ ਅਜਿਹੇ ਫ੍ਰਾਡ ਵਿਚ ਆਪਣੀ ਜਮ੍ਹਾ ਪੂੰਜੀ ਗੁਆ ਦਿੰਦਾ ਹੈ ਤਾਂ ਉਸ ਦਾ ਪੂਰਾ ਪਰਿਵਾਰ ਤਿਉਹਾਰ ’ਤੇ ਹੰਝੂਆਂ ਵਿਚ ਡੁੱਬ ਜਾਂਦਾ ਹੈ। ਇਸ ਲਈ ਹਰ ਨਾਗਰਿਕ ਦਾ ਇਹ ਫਰਜ਼ ਹੇ ਕਿ ਉਹ ਖੁਦ ਵੀ ਚੌਕਸ ਰਹੇ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰੇ।
ਠੱਗੀ ਦਾ ਸ਼ਿਕਾਰ ਹੋਣ ’ਤੇ ਕੀ ਕਰੀਏ? ਤਤਕਾਲ 1930 ’ਤੇ ਕਰੋ ਡਾਇਲ
ਪੁਲਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਅਣਜਾਣੇ ਵਿਚ ਝਾਂਸੇ ਵਿਚ ਆ ਕੇ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਬਜਾਏ ਤਤਕਾਲ ਐਕਸ਼ਨ ਲਓ। ਪੀੜਤ ਨੂੰ ਬਿਨਾਂ ਇਕ ਵੀ ਪਲ ਗੁਆਏ ਤੁਰੰਤ ਰਾਸ਼ਟਰੀ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਸਮਾਂ ਰਹਿੰਦੇ ਮਤਲਬ ਗੋਲਡਨ ਆਵਰ ਵਿਚ ਸੂਚਨਾ ਦੇਣ ‘ਤੇ ਸਾਈਬਰ ਸੈੱਲ ਵੱਲੋਂ ਠੱਗੀ ਰਕਮ ਨੂੰ ਬੈਂਕ ਪੱਧਰ ‘ਤੇ ਹੀ ਫ੍ਰੀਜ਼ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਨੇੜੇ ਦੇ ਪੁਲਸ ਸਟੇਸ਼ਨ ਦੇ ਸਾਈਬਰ ਹੈਲਪ ਡੈਸਕ ’ਤੇ ਵੀ ਇਸ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
