ਪੰਜਾਬ ਪੁਲਸ ਤੇ ਅਧਿਕਾਰੀਆਂ ਦਾ ਅਕਸ ਖਰਾਬ ਕਰਨ ਵਾਲਿਆਂ ਖਿਲਾਫ਼ ਹੋਵੇਗਾ ਕਾਨੂੰਨੀ ਐਕਸ਼ਨ : ਅਰੋੜਾ

Friday, Jul 20, 2018 - 07:07 AM (IST)

ਚੰਡੀਗੜ੍ਹ (ਰਮਨਜੀਤ) - ਮਾੜੀ ਭਾਵਨਾ ਅਤੇ ਆਧਾਰਹੀਣ ਅਭਿਆਨ ਚਲਾ ਕੇ ਪੰਜਾਬ ਪੁਲਸ ਅਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਅਕਸ ਖਰਾਬ ਕਰਨ ਵਾਲਿਆਂ ਖਿਲਾਫ ਸਾਰੇ ਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਕਿ ਪੰਜਾਬ ਪੁਲਸ ਤੇ ਪੁਲਸ ਅਧਿਕਾਰੀਆਂ ਦੇ ਮਨੋਬਲ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਇਹ ਗੱਲ ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਹੀ। ਉਹ ਉਨ੍ਹਾਂ ਤੇ ਉਨ੍ਹਾਂ ਅਧੀਨ ਅਧਿਕਾਰੀਆਂ 'ਤੇ ਕਈ ਦਿਨਾਂ ਤੋਂ ਲੱਗ ਰਹੇ ਦੋਸ਼ਾਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਪੁਲਸ ਇਨ੍ਹਾਂ ਦੋਸ਼ਾਂ ਦੇ ਬਾਵਜੂਦ ਕਿਸੇ ਵੀ ਕੀਮਤ 'ਤੇ ਕੈ. ਅਮਰਿੰਦਰ ਸਿੰਘ ਦੀ ਭ੍ਰਿਸ਼ਟਾਚਾਰ ਅਤੇ ਡਰੱਗਜ਼ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਨਾਲ ਸਮਝੌਤਾ ਨਹੀਂ ਕਰੇਗੀ ਤੇ ਆਪਣਾ ਮਨੋਬਲ ਬਣਾਈ ਰੱਖੇਗੀ ਤਾਂ ਕਿ ਅਜਿਹੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰੱਖੀ ਜਾ ਸਕੇ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਰੋੜਾ ਨੇ ਉਨ੍ਹਾਂ ਦੀ ਈਮਾਨਦਾਰੀ ਤੇ ਭਰੋਸੇਯੋਗਤਾ ਬਾਰੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਕੀਤੇ ਗਏ ਕੂੜ ਪ੍ਰਚਾਰ 'ਤੇ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ 36 ਸਾਲਾਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟ ਅਤੇ ਅਪਰਾਧਕ ਗਤੀਵਿਧੀਆਂ 'ਚ ਸ਼ਾਮਲ ਕਿਸੇ ਵੀ ਪੁਲਸ ਅਧਿਕਾਰੀ ਦਾ ਕਦੇ ਵੀ ਸਮਰਥਨ ਨਹੀਂ ਕੀਤਾ। ਹਾਈ ਕੋਰਟ ਵਿਚ ਇਕ ਖ਼ਾਸ ਮਸਲੇ 'ਤੇ ਉਨ੍ਹਾਂ (ਅਰੋੜਾ) 'ਤੇ ਲੱਗੇ ਦੋਸ਼ਾਂ ਦੇ ਸਬੰਧ ਵਿਚ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੁਝ ਮਸਲਿਆਂ 'ਤੇ ਇਸ ਕਰਕੇ ਬੋਲਣਾ ਪਿਆ ਹੈ ਕਿਉਂਕਿ ਉਨ੍ਹਾਂ ਦੇ ਕਿਰਦਾਰ ਅਤੇ ਸਰਕਾਰੀ ਕਾਰ-ਵਿਵਹਾਰ 'ਤੇ ਉਂਗਲ ਉਠਾਉਣ ਨਾਲ ਪੁਲਸ ਦੇ ਮਨੋਬਲ ਨੂੰ ਢਾਅ ਲੱਗੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਕੁਝ ਲੋਕਾਂ ਨੇ ਆਪਣੇ ਨਿੱਜੀ ਮੁਫਾਦ ਅਤੇ ਮੰਦਭਾਵਨਾ ਨਾਲ ਮੇਰੀਆਂ 35 ਸਾਲ ਦੀਆਂ ਸੇਵਾਵਾਂ ਅਤੇ ਭਰੋਸੇਯੋਗਤਾ 'ਤੇ ਸਵਾਲ ਉਠਾਏ ਹਨ, ਮੈਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਨਾਂ ਅਤੇ ਇੱਜ਼ਤ, ਜੋ ਪੁਲਸ ਫੋਰਸ ਨਾਲ ਜੁੜੀ ਹੋਈ ਹੈ, ਦੀ ਰੱਖਿਆ ਲਈ ਉਹ ਸਾਰਾ ਕੁਝ ਕਰਾਂਗਾ ਜੋ ਲੋੜੀਂਦਾ ਹੋਵੇਗਾ।
ਉਨ੍ਹਾਂ ਨੇ ਆਪਣੇ ਬੇਦਾਗ ਰਿਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ 'ਆਪ੍ਰੇਸ਼ਨ ਬਲੈਕ ਥੰਡਰ' ਸਮੇਤ ਪੰਜਾਬ ਦੇ ਕਾਲੇ ਦੌਰ ਦੌਰਾਨ ਐੱਸ. ਐੱਸ. ਪੀ. ਵਜੋਂ ਕਈ ਜ਼ਿਲਿਆਂ 'ਚ ਸੇਵਾਵਾਂ ਨਿਭਾਈਆਂ ਹਨ। ਅਰੋੜਾ ਨੇ ਅੱਗੇ ਕਿਹਾ ਕਿ ਉਹ ਬਾਕਾਇਦਾ ਇਕ ਪ੍ਰਕਿਰਿਆ ਤਹਿਤ ਹੀ ਡਾਇਰੈਕਟਰ ਜਨਰਲ ਦੇ ਅਹੁਦੇ 'ਤੇ ਪਹੁੰਚੇ ਹਨ। ਡੀ. ਜੀ. ਪੀ. ਨੇ ਜ਼ੋਰ ਦਿੰਦਿਆਂ ਕਿਹਾ ਕਿ ਕਿਉਂਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ, ਤਾਂ ਅਸਪਸ਼ਟ ਅਤੇ ਨਿਰਆਧਾਰ ਦੋਸ਼ਾਂ ਤੋਂ ਅਧਿਕਾਰੀਆਂ ਦੀ ਸੁਰੱਖਿਆ ਅਤਿ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਅਤੇ ਵਿਦੇਸ਼ਾਂ ਵਿਚ ਵਸੇ ਅੱਤਵਾਦੀ ਸੰਗਠਨਾਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਦਰਪੇਸ਼ ਖ਼ਤਰਿਆਂ ਦੇ ਮੱਦੇਨਜ਼ਰ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਹਿਚਕਿਚਾ ਰਹੇ ਹਨ।
ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਰਾਜਜੀਤ ਸਿੰਘ ਬਾਰੇ ਪੁੱਛੇ ਜਾਣ 'ਤੇ ਅਰੋੜਾ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਇਸ ਅਧਿਕਾਰੀ ਨਾਲ ਕੰਮ ਨਹੀਂ ਕੀਤਾ ਅਤੇ ਜਿੱਥੋਂ ਤੱਕ 2013 ਨਾਲ ਸਬੰਧਤ ਮੁੱਦੇ ਦੀ ਗੱਲ ਹੈ, ਉਹ ਉਸ ਵੇਲੇ ਡੀ. ਜੀ. ਪੀ. ਦੇ ਅਹੁਦੇ 'ਤੇ ਵੀ ਨਹੀਂ ਸਨ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਰਾਜਜੀਤ ਉਨ੍ਹਾਂ ਦਾ ਚਹੇਤਾ ਸੀ ਅਤੇ ਸਪੱਸ਼ਟ ਕੀਤਾ ਕਿ ਜੇ ਉਹ ਕਿਸੇ ਵੀ ਅਪਰਾਧਕ ਕਾਰਵਾਈ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਕਾਨੂੰਨ ਅਨੁਸਾਰ ਨਤੀਜੇ ਭੁਗਤੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਅਤੇ ਘਿਨਾਉਣੇ ਅਪਰਾਧਾਂ ਖਿਲਾਫ਼ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ 80,000 ਨਫਰੀ ਵਾਲੀ ਮਜ਼ਬੂਤ ਫੋਰਸ 'ਚ ਕੋਈ ਕਾਲੀ ਭੇਡ ਨਹੀਂ ਹੈ।


Related News