ਪੰਜਾਬ ਪੁਲਸ ਨੇ ਨਿਭਾਇਆ ਮਨੁੱਖਤਾ ਦਾ ਫਰਜ਼, ਗਰੀਬ ਦੀ ਮੌਤ ’ਤੇ ਪੂਰੀਆਂ ਕੀਤੀਆਂ ਰਸਮਾਂ (ਵੀਡੀਓ)
Sunday, Apr 05, 2020 - 04:08 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪੁਲਸ ਵਲੋਂ ਜਿਥੇ ਕਰਫਿਊ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ, ਉਥੇ ਇਸ ਸਮੇਂ ਪੁਲਸ ਵਲੋਂ ਮਾਨਵਤਾ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੋੜਵੰਦਾਂ ਤੱਕ ਲੰਗਰ ਪਹੁੰਚਾ ਰਹੀ ਪੰਜਾਬ ਪੁਲਸ ਨੇ ਕਿਵੇਂ ਬੀਤੇ ਦਿਨੀਂ ਇਕ ਬੱਚੇ ਦੇ ਫੋਨ ’ਤੇ ਜਿਸ ਤਰ੍ਹਾਂ ਨਾਲ ਉਸ ਤੱਕ ਲੰਗਰ ਪਹੁੰਚਾਇਆ, ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਚਰਚਾ ਦਾ ਵਿਸ਼ਾ ਬਣ ਗਈ। ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ਦੀ ਸਲਮ ਬਸਤੀਆਂ ’ਚ ਪੁਲਸ ਰੋਜ਼ਾਨਾ ਖਾਣਾ ਪਹੁੰਚਾਉਣ ਦਾ ਕੰਮ ਕਰਦੀ ਸੀ।
ਸ਼ਨੀਵਾਰ ਨੂੰ ਵੀ ਜਦੋਂ ਪੁਲਸ ਰੋਜ਼ਾਨਾ ਵਾਂਗ ਉਥੇ ਖਾਣਾ ਦੇਣ ਗਈ ਤਾਂ ਪਤਾ ਲੱਗਾ ਕਿ 67 ਸਾਲ ਦੇ ਵਿਅਕਤੀ ਜਬਰਦੀਨ, ਜੋ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸੀ, ਦੀ ਮੌਤ ਹੋ ਗਈ ਹੈ। ਪੂਰੇ ਦੇਸ਼ ’ਚ ਕਰਫਿਊ ਲੱਗਣ ਦੇ ਕਾਰਨ ਉਸ ਦੇ ਰਿਸ਼ਤੇਦਾਰ ਇਸ ਸਮੇਂ ਉਥੇ ਨਹੀਂ ਆ ਸਕਦੇ, ਜਿਸ ਕਾਰਨ ਪੰਜਾਬ ਪੁਲਸ ਵਲੋਂ ਮ੍ਰਿਤਕ ਦੀਆਂ ਆਖਰੀ ਰਸਮਾਂ ਨਿਭਾਈਆਂ ਗਈਆਂ।
ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਸਬਜ਼ੀ ਦਾ ਕੰਮ ਕਰਦੇ ਜਾਬਰ ਖਾਨ ਦੇ ਬੱਚੇ ਛੋਟੇ ਹਨ। ਆਰਥਿਕ ਤੰਗੀ ਦੇ ਕਾਰਨ ਪੁਲਸ ਜਾਫਰ ਦੇ ਘਰ ਪੁਲਸ ਵਲੋਂ ਖਾਣਾ ਪਹੁੰਚਾਇਆ ਜਾ ਰਿਹਾ ਸੀ। ਅੱਜ ਸਵੇਰੇ ਜਦੋਂ ਪੁਲਸ ਪਾਰਟੀ ਜਾਫਰ ਦੇ ਘਰ ਖਾਣਾ ਦੇਣ ਗਈ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ। ਉਸਦੇ ਰਿਸ਼ਤੇਦਾਰ ਕਲਕੱਤਾ ਰਹਿੰਦੇ ਹਨ ਅਤੇ ਬੱਚਿਆਂ ਦੀ ਉਮਰ ਛੋਟੀ ਹੈ। ਇਸ ਉਪਰੰਤ ਪੁਲਸ ਨੇ ਐੱਸ.ਐੱਸ.ਪੀ ਰਾਜਬਚਨ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਦੋ-ਚਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਜਾਫਰ ਦੀਆਂ ਅੰਤਿਮ ਰਸਮਾਂ ਨਿਭਾਈਆਂ ਅਤੇ ਉਸ ਨੂੰ ਸਪੁਰਦ-ਏ -ਖਾਕ ਕੀਤਾ। ਮੁਸਲਿਮ ਭਾਈਚਾਰੇ ਨੇ ਕਰਫਿਊ ’ਚ ਪੁਲਸ ਦੁਆਰਾ ਸਾਥ ਦਿੱਤੇ ਜਾਣ ’ਤੇ ਪੁਲਸ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।