ਬੁੜੈਲ ਦੇ ਹੋਟਲ ''ਚੋਂ ਮਿਲੀ ਹੈੱਡ ਕਾਂਸਟੇਬਲ ਦੇ ਬੇਟੇ ਦੀ ਲਾਸ਼
Thursday, Aug 08, 2019 - 09:47 AM (IST)
ਚੰਡੀਗੜ੍ਹ (ਸੁਸ਼ੀਲ)—ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਾ ਬੇਟਾ ਬੁੱਧਵਾਰ ਦੁਪਹਿਰ ਨੂੰ ਬੁੜੈਲ ਦੇ ਹੋਟਲ ਡਾਇਮੰਡ 'ਚ ਸ਼ੱਕੀ ਹਾਲਤ 'ਚ ਪਿਆ ਮਿਲਿਆ। ਨੌਜਵਾਨ ਦੇ ਕੰਨ 'ਚੋਂ ਖੂਨ ਨਿਕਲ ਰਿਹਾ ਸੀ। ਪੁਲਸ ਨੂੰ ਉਸ ਦੇ ਕਮਰੇ ਤੋਂ ਗੋਲੀਆਂ, ਸਰਿੰਜਾਂ ਅਤੇ ਖੰਘ ਦੀ ਦਵਾਈ ਦੀ ਸ਼ੀਸ਼ੀ ਬਰਾਮਦ ਹੋਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਜੀ.ਐੱਮ.ਐੱਸ.ਐੱਚ.-16 ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਰ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਪੰਜਾਬ ਸਥਿਤ ਬਰਨਾਲਾ ਨਿਵਾਸੀ ਇਕਬਾਲ ਸਿੰਘ (28) ਦੇ ਰੂਪ 'ਚ ਹੋਈ। ਮ੍ਰਿਤਕ ਦਾ ਪਿਤਾ ਬਰਨਾਲਾ ਸਥਿਤ ਪੁਲਸ ਕੰਟ੍ਰੋਲ ਰੂਮ 'ਚ ਤਾਇਨਾਤ ਹੈ। ਸੈਕਟਰ-34 ਥਾਣਾ ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।
ਕਮਰੇ 'ਚ ਜ਼ਮੀਨ 'ਤੇ ਪਿਆ ਸੀ
ਬੁੜੈਲ ਸਥਿਤ ਹੋਟਲ ਡਾਇਮੰਡ ਦੇ ਸਟਾਫ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਕਮਰਾ ਨੰਬਰ 101 'ਚ ਠਹਿਰਿਆ ਨੌਜਵਾਨ ਇਕਬਾਲ ਸਿੰਘ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਹੈ। ਸੂਚਨਾ ਮਿਲਦੇ ਹੀ ਬੁੜੈਲ ਚੌਕੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਕਮਰੇ 'ਚ ਗਈ ਤਾਂ ਹੈਰਾਨ ਹੋ ਗਈ। ਕਮਰੇ 'ਚ ਇਕਬਾਲ ਜ਼ਮੀਨ 'ਤੇ ਪਿਆ ਸੀ। ਉਸ ਦੇ ਕੰਨ 'ਚੋਂ ਖੂਨ ਵਗ ਰਿਹਾ ਸੀ ਅਤੇ ਉਸ ਨੇ ਉਲਟੀ ਕੀਤੀ ਹੋਈ ਸੀ।
ਸਵੇਰੇ ਕਮਰਾ ਲੈਣ ਤੋਂ ਬਾਅਦ ਸ਼ਾਮ ਨੂੰ 8 ਵਜੇ ਵਾਪਸ ਆਇਆ
ਹੋਟਲ ਸਟਾਫ਼ ਨੇ ਦੱਸਿਆ ਕਿ ਇਕਬਾਲ ਨੇ ਮੰਗਲਵਾਰ ਦੁਪਹਿਰ ਨੂੰ ਕਮਰਾ ਲਿਆ ਸੀ। ਬੁੱਧਵਾਰ ਦੁਪਹਿਰ 12 ਵਜੇ ਉਸ ਨੇ ਚੈੱਕਆਊਟ ਕਰਨਾ ਸੀ। ਕਰਮਚਾਰੀ ਨੇ ਦੱਸਿਆ ਕਿ ਕਮਰਾ ਲੈਣ ਤੋਂ ਬਾਅਦ ਇਕਬਾਲ ਚਲਾ ਗਿਆ ਸੀ ਅਤੇ ਰਾਤ ਅੱਠ ਵਜੇ ਵਾਪਸ ਕਮਰੇ 'ਚ ਆਇਆ ਸੀ। ਸੈਕਟਰ-34 ਥਾਣਾ ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ 'ਚ ਪਤਾ ਲੱਗੇਗਾ ਕਿ ਇਕਬਾਲ ਦੀ ਮੌਤ ਕਿਸ ਕਾਰਨ ਹੋਈ ਹੈ।