ਮਹਿਲਾ ਸਰਪੰਚ ਦੇ ਪਤੀ ਦੀ ਸ਼ੱਕੀ ਹਾਲਾਤ ''ਚ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

Wednesday, Sep 23, 2026 - 08:21 PM (IST)

ਮਹਿਲਾ ਸਰਪੰਚ ਦੇ ਪਤੀ ਦੀ ਸ਼ੱਕੀ ਹਾਲਾਤ ''ਚ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

​ਅੰਮ੍ਰਿਤਸਰ (ਜ.ਬ.): ਰਮਦਾਸ ਖੇਤਰ ਅਧੀਨ ਪੈਂਦੇ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਦੇ ਪਤੀ ਅਤੇ ਸਾਬਕਾ ਸੈਨਿਕ ਕੁਲਜੀਤ ਸਿੰਘ, ਜੋ ਪਿਛਲੇ ਤਿੰਨ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿਚ ਲਾਪਤਾ ਸਨ, ਉਨ੍ਹਾਂ ਦੀ ਲਾਸ਼ ਰਮਦਾਸ ਰੋਡ ਨੇੜਿਓਂ ਭੇਦਭਰੇ ਹਾਲਾਤ ਵਿਚ ਬਰਾਮਦ ਹੋਈ ਹੈ। ਇਸ ਘਟਨਾ ਦੇ ਸਾਹਮਣੇ ਆਉਣ ਨਾਲ ਸਮੁੱਚੇ ਇਲਾਕੇ ਵਿਚ ਸੋਗ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਇਸ ਨੂੰ ਇਕ ਸੋਚਿਆ-ਸਮਝਿਆ ਕਤਲ ਕਰਾਰ ਦਿੰਦਿਆਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਉੱਚ-ਪੱਧਰੀ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। 
 
​ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਘਰੋਂ ਫ਼ਤਹਿਗੜ੍ਹ ਚੂੜੀਆਂ ਵਿਖੇ ਸਰਟੀਫਿਕੇਟ ਲੈਣ ਗਏ ਸਨ, ਪਰ ਉਹ ਵਾਪਸ ਨਹੀਂ ਪਰਤੇ। ਉਨ੍ਹਾਂ ਦਾ ਫੋਨ ਵੀ ਲਗਾਤਾਰ ਬੰਦ ਆ ਰਿਹਾ ਸੀ। ਪਰਿਵਾਰ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਪਰ ਜਿਸ ਤਰੀਕੇ ਨਾਲ ਉਹ ਲਾਪਤਾ ਹੋਏ ਅਤੇ ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਮਿਲੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਕੁਲਜੀਤ ਸਿੰਘ ਦੀ ਪਤਨੀ (ਮੌਜੂਦਾ ਸਰਪੰਚ) ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਬਿਨਾਂ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ ਕਦੇ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਰੋਂਦਿਆਂ ਫਰਿਆਦ ਕੀਤੀ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਬੇਨਕਾਬ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। 
 
​ਮੌਕੇ ’ਤੇ ਮੌਜੂਦ ਮ੍ਰਿਤਕ ਦੇ ਭਤੀਜੇ ਨੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਥਾਂ ਤੋਂ ਅੱਜ ਲਾਸ਼ ਮਿਲੀ ਹੈ, ਉੱਥੇ ਪਹਿਲਾਂ ਪੁਲਿਸ ਮੁਲਾਜ਼ਮਾਂ ਅਤੇ ਪਿੰਡ ਦੇ ਸੈਂਕੜੇ ਲੋਕਾਂ ਨੇ ਦੋਵੇਂ ਪਾਸੇ ਕਈ ਵਾਰ ਛਾਣਬੀਣ ਕੀਤੀ ਸੀ, ਪਰ ਉਦੋਂ ਉੱਥੇ ਕੁਝ ਨਹੀਂ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਮੋਬਾਈਲ ਲੋਕੇਸ਼ਨ ਦੇ ਨਾਂ ’ਤੇ ਵਾਰ-ਵਾਰ ਵੱਖ-ਵੱਖ ਥਾਵਾਂ ’ਤੇ ਭਟਕਾਇਆ ਗਿਆ, ਜਦਕਿ ਲਾਸ਼ ਬਾਅਦ ਵਿੱਚ ਲਿਆ ਕੇ ਇੱਥੇ ਰੱਖੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਦੇ ਨੇੜੇ ਹੀ ਮੋਟਰਸਾਈਕਲ ਅਤੇ ਫ਼ੋਨ ਵੀ ਮਿਲਿਆ ਹੈ, ਜਿਸ ਤੋਂ ਸਾਫ਼ ਲੱਗਦਾ ਹੈ ਕਿ ਵਾਰਦਾਤ ਨੂੰ ਕਿਸੇ ਵੱਡੀ ਪਲੈਨਿੰਗ ਤਹਿਤ ਅੰਜਾਮ ਦਿੱਤਾ ਗਿਆ ਹੈ। 

​ਇਸ ਮੌਕੇ ਹਾਜ਼ਰ ਇਲਾਕਾ ਆਗੂਆਂ ਨੇ ਸਰਕਾਰ ਅਤੇ ਕਾਨੂੰਨ ਵਿਵਸਥਾ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਜਦੋਂ ਆਧੁਨਿਕ ਤਕਨਾਲੋਜੀ ਰਾਹੀਂ ਮੋਬਾਈਲ ਦੀ ਪਿੰਨ-ਪੁਆਇੰਟ ਲੋਕੇਸ਼ਨ ਮਿਲ ਸਕਦੀ ਹੈ, ਤਾਂ 14 ਘੰਟੇ ਫੋਨ ਚਾਲੂ ਰਹਿਣ ਦੇ ਬਾਵਜੂਦ ਪੁਲਸ ਵਿਅਕਤੀ ਨੂੰ ਸੁਰੱਖਿਅਤ ਕਿਉਂ ਨਹੀਂ ਲੱਭ ਸਕੀ? ਉਨ੍ਹਾਂ ਕਿਹਾ ਕਿ ਇਹ ਮਾਮਲਾ ਆਮ ਨਹੀਂ ਹੈ, ਸਗੋਂ ਇਸ ਵਿਚ ਕੋਈ ਡੂੰਘੀ ਸਾਜ਼ਿਸ਼ ਛੁਪੀ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਕਿਸੇ ਵੀ ਪੱਖਪਾਤ ਤੋਂ ਬਚਣ ਲਈ ਮ੍ਰਿਤਕ ਦੇਹ ਦਾ ਪੋਸਟਮਾਰਟਮ ਮਾਹਿਰ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਹੀ ਕਰਵਾਇਆ ਜਾਵੇ। 

​ਦੂਜੇ ਪਾਸੇ, ਘਟਨਾ ਸਥਾਨ ’ਤੇ ਪਹੁੰਚੇ ਜਾਂਚ ਅਧਿਕਾਰੀ ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਵਿਖੇ ਲਾਪਤਾ ਹੋਣ ਸਬੰਧੀ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਲਾਸ਼ ਮਿਲਣ ਉਪਰੰਤ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ’ਤੇ ਵਾਧਾ ਜੁਰਮ ਤਹਿਤ ਕਾਰਵਾਈ ਕਰ ਲਈ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।   


author

Anmol Tagra

Content Editor

Related News