ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 1 ਲੱਖ ਦੀ ਠੱਗੀ, ਕੇਸ ਦਰਜ
Wednesday, Dec 15, 2021 - 05:45 PM (IST)
ਤਰਨਤਾਰਨ (ਰਾਜੂ,ਬਲਵਿੰਦਰ ਕੌਰ) : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਖੁਰਦ ਨਿਵਾਸੀ ਨੌਜਵਾਨ ਨੂੰ ਪੁਲਸ ਵਿਭਾਗ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 1 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਪੁਲਸ ਵਲੋਂ ਦੋ ਲੋਕਾਂ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਦਿਲਬਾਗ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸਰਹਾਲੀ ਖੁਰਦ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੇਲਾਵਾਲ ਥਾਣਾ ਵੈਰੋਵਾਲ ਅਤੇ ਆਂਚਲ ਮਸੀਹ ਵਾਸੀ ਜਲੰਧਰ ਨਾਲ ਮਿਲ ਕੇ ਉਸ ਨੂੰ ਝਾਂਸੇ ਵਿਚ ਫਸਾ ਲਿਆ ਕਿ ਉਹ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਪੁਲਸ ਵਿਚ ਭਰਤੀ ਕਰਵਾ ਦੇਣਗੇ।
ਇਸ ਕੰਮ ਲਈ ਉਕਤ ਵਿਅਕਤੀਆਂ ਨੇ ਉਸ ਪਾਸੋਂ 4 ਲੱਖ ਰੁਪਏ ਵਸੂਲ ਕਰ ਲਏ ਪਰ ਬਾਅਦ ਵਿਚ ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਪੁਲਸ ਵਿਚ ਭਰਤੀ ਨਹੀਂ ਕਰਵਾਇਆ ਅਤੇ ਉਸ ਵਲੋਂ ਜ਼ੋਰ ਪਾਉਣ ’ਤੇ 3 ਲੱਖ ਰੁਪਏ ਵਾਪਸ ਕਰ ਦਿੱਤੇ ਪਰ 1 ਲੱਖ ਰੁਪਏ ਹੜੱਪ ਕਰ ਲਏ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੇਲਾਵਾਲ ਅਤੇ ਆਂਚਲ ਮਸੀਹ ਪੁੱਤਰ ਦਰਸ਼ਨ ਮਸੀਹ ਵਾਸੀ ਮਕਾਨ ਨੰਬਰ 290 ਹਾਊਸਿੰਗ ਬੋਰਡ ਕਾਲੋਨੀ ਜਲੰਧਰ ਖ਼ਿਲਾਫ਼ ਮੁਕੱਦਮਾ ਨੰਬਰ 176 ਧਾਰਾ 420/406 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।