ਐਫ. ਸੀ. ਆਈ. ਕੋਲ ਗੁਦਾਮਾਂ ''ਚ ਜਗ੍ਹਾ ਨਾ ਹੋਣ ਕਾਰਨ ਸ਼ੈਲਰ ਮਾਲਕ ਹੜਤਾਲ ''ਤੇ

10/09/2019 7:01:17 PM

ਮਾਛੀਵਾੜਾ ਸਾਹਿਬ,(ਟੱਕਰ): ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼ ਹੁੰਦੀ ਜਾ ਰਹੀ ਹੈ ਤੇ ਸਰਕਾਰੀ ਏਜੰਸੀਆਂ ਵਲੋਂ ਖਰੀਦ ਵੀ ਜ਼ੋਰਾਂ 'ਤੇ ਹੈ ਪਰ ਸ਼ੈਲਰ ਮਾਲਕਾਂ ਵਲੋਂ ਐਫ. ਸੀ. ਆਈ ਦੇ ਗੁਦਾਮਾਂ 'ਚ ਝੋਨੇ ਦੀ ਮਿਲਿੰਗ ਤੋਂ ਬਾਅਦ ਚਾਵਲ ਲਗਾਉਣ ਲਈ ਜਗ੍ਹਾ ਨਾ ਹੋਣ ਕਾਰਨ ਉਹ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਗਏ ਹਨ। ਜਿਸ ਕਾਰਨ ਮੰਡੀਆਂ 'ਚ ਫਸਲ ਦੇ ਸਟਾਕ ਲੱਗਣੇ ਸ਼ੁਰੂ ਹੋ ਗਏ ਹਨ, ਜੋ ਕਿ ਆਉਣ ਵਾਲੇ ਸਮੇਂ 'ਚ ਖਰੀਦ ਪ੍ਰਬੰਧਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ 'ਤੇ ਦਬਾਅ ਪਾ ਰਹੀ ਹੈ ਕਿ ਖੁਰਾਕ ਸਪਲਾਈ ਵਿਭਾਗ ਨਾਲ ਐਗਰੀਮੈਂਟ ਕਰ ਸ਼ੈਲਰ ਮਾਲਕ ਮੰਡੀਆਂ 'ਚੋਂ ਝੋਨੇ ਦੀ ਲਿਫਟਿੰਗ ਸ਼ੁਰੂ ਕਰਨ ਪਰ ਸਰਕਾਰ ਇਹ ਤਾਂ ਦੱਸੇ ਕਿ ਝੋਨੇ ਦੀ ਮਿਲਿੰਗ ਤੋਂ ਬਾਅਦ ਐਫ. ਸੀ. ਆਈ ਦੇ ਗੁਦਾਮਾਂ ਵਿਚ ਚਾਵਲ ਲਗਾਉਣ ਲਈ ਉਨ੍ਹਾਂ ਕੋਲ ਜਗ੍ਹਾ ਦਾ ਪ੍ਰਬੰਧ ਹੈ। ਤਰਸੇਮ ਸੈਣੀ ਨੇ ਦੱਸਿਆ ਕਿ ਪੰਜਾਬ ਵਿਚ ਐਫ.ਸੀ.ਆਈ ਗੁਦਾਮਾਂ ਵਿਚ ਪਿਛਲੇ ਸਾਲ 110 ਲੱਖ ਮੀਟ੍ਰਿਕ ਟਨ ਚਾਵਲ ਸ਼ੈਲਰ ਮਾਲਕਾਂ ਵਲੋਂ ਮਿਲਿੰਗ ਕਰਕੇ ਲਗਾਇਆ ਗਿਆ ਸੀ ਪਰ ਪਿਛਲੇ 6 ਮਹੀਨਿਆਂ 'ਚ ਕੇਵਲ 17 ਲੱਖ ਮੀਟ੍ਰਿਕ ਟਨ ਚਾਵਲ ਹੀ ਗੁਦਾਮਾਂ 'ਚੋਂ ਬਾਹਰਲੇ ਸੂਬਿਆਂ ਨੂੰ ਭੇਜਿਆ ਗਿਆ ਜਦਕਿ ਬਾਕੀ ਕਰੀਬ 93 ਲੱਖ ਮੀਟ੍ਰਿਕ ਟਨ ਚਾਵਲ ਨਾਲ ਅਜੇ ਵੀ ਗੁਦਾਮ ਭਰੇ ਪਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 2019-20 ਨਵੇਂ ਸੀਜ਼ਨ ਦੌਰਾਨ ਫਿਰ ਸ਼ੈਲਰ ਮਾਲਕਾਂ ਵਲੋਂ ਕਰੀਬ 110 ਲੱਖ ਮੀਟ੍ਰਿਕ ਟਨ ਚਾਵਲ ਮਿਲਿੰਗ ਤੋਂ ਬਾਅਦ ਗੁਦਾਮਾਂ ਵਿਚ ਲਗਾਇਆ ਜਾਣਾ ਹੈ ਪਰ ਇਸ ਵਾਰ ਜਗ੍ਹਾ ਸਿਰਫ਼ 17 ਲੱਖ ਮੀਟ੍ਰਿਕ ਟਨ ਦੀ ਹੈ ਅਤੇ 31 ਮਾਰਚ 2020 ਤੱਕ ਇਹ ਸੰਭਵ ਹੀ ਨਹੀਂ ਕਿ ਇਹ ਸਾਰਾ ਚਾਵਲ ਪੰਜਾਬ ਦੇ ਗੁਦਾਮਾਂ ਤੋਂ ਬਾਹਰਲੇ ਸੂਬਿਆਂ ਨੂੰ ਭੇਜਿਆ ਜਾ ਸਕੇ।

ਉਨ੍ਹਾਂ ਦੱਸਿਆ ਕਿ 31 ਮਾਰਚ 2019 ਤੋਂ 30 ਸਤੰਬਰ 2019 ਤੱਕ 6 ਮਹੀਨੇ ਦੌਰਾਨ ਕੇਵਲ 17 ਲੱਖ ਮੀਟ੍ਰਿਕ ਟਨ ਚਾਵਲ ਹੀ ਬਾਹਰਲੇ ਸੂਬਿਆਂ ਨੂੰ ਭੇਜਿਆ ਗਿਆ ਅਤੇ ਜੇਕਰ ਇਹੀ ਰਫ਼ਤਾਰ ਰਹੀ ਤਾਂ ਕਿਸੇ ਹਾਲਤ ਵਿਚ ਵੀ ਪਿਛਲੇ ਸਾਲ ਭਰੇ ਗੁਦਾਮਾਂ ਦੇ ਚਾਵਲ ਖਾਲੀ ਨਹੀਂ ਹੋਣਗੇ ਜਿਸ ਕਾਰਨ ਨਵੇਂ ਚਾਵਲ ਲਗਾਉਣ ਲਈ ਜਗ੍ਹਾ ਦੀ ਸਮੱਸਿਆ ਲਈ ਸ਼ੈਲਰ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਨਵੇਂ ਝੋਨੇ ਦੀ ਮਿਲਿੰਗ ਉਨ੍ਹਾਂ ਲਈ ਭਾਰੀ ਆਰਥਿਕ ਘਾਟੇ ਦਾ ਕਾਰਨ ਬਣੇਗੀ। ਸ਼ੈਲਰ ਐਸੋ. ਦੇ ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਪੰਜਾਬ ਦੇ 4000 ਤੋਂ ਵੱਧ ਸ਼ੈਲਰ ਮੰਡੀਆਂ 'ਚੋਂ ਝੋਨਾ ਚੁੱਕਣ ਨੂੰ ਤਿਆਰ ਹਨ ਪਰ ਸਰਕਾਰ ਪਹਿਲਾਂ ਚਾਵਲ ਲਗਾਉਣ ਲਈ ਜਗ੍ਹਾ ਦੇ ਪੁਖਤਾ ਪ੍ਰਬੰਧ ਕਰ ਕੇਵਲ ਖੋਖਲੇ ਦਾਅਵੇ ਨਾ ਕਰੇ।
 


Related News