ਪੰਜਾਬ ਭੂਮੀ ਸੁਰੱਖਿਆ ਐਕਟ ਜੰਗਲਾਂ ਦੇ ਖਾਤਮੇ ਨੂੰ ਰੋਕੇਗਾ : ਧਰਮਸੌਤ
Monday, Feb 05, 2018 - 07:07 AM (IST)

ਚੰਡੀਗੜ੍ਹ (ਕਮਲ) - ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 (ਪੀ. ਐੱਲ. ਪੀ. ਏ.) ਸੂਬੇ ਅਧੀਨ ਆਉਂਦੇ ਸ਼ਿਵਾਲਿਕ ਦੇ ਪਹਾੜਾਂ ਵਿੱਚੋਂ ਮਿੱਟੀ ਖੁਰਨ ਦੇ ਨਾਲ ਜੰਗਲਾਂ ਦੇ ਖਾਤਮੇ ਨੂੰ ਰੋਕਣ ਵਿਚ ਸਹਾਈ ਹੋਵੇਗਾ, ਜਿਸ ਨਾਲ ਜੰਗਲੀ ਜੀਵ ਵੀ ਸੁਰੱਖਿਅਤ ਰਹਿਣਗੇ। ਜੰਗਲਾਤ ਮੰਤਰੀ ਨੇ ਸਪੱਸ਼ਟ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸਨਾਂ 31.08.1899, 15.11.1900, 22.11.1900 ਅਤੇ 29.11.1900 ਅਨੁਸਾਰ 'ਪੰਜਾਬ ਭੂਮੀ ਸੁਰੱਖਿਆ (ਚੋਅ) ਐਕਟ 1900' ਨੂੰ ਪੰਜਾਬ ਰਾਜ ਦੀਆਂ ਹੱਦਾਂ ਅੰਦਰ ਕੁੱਝ ਇਲਾਕੇ, ਜੋ ਕਿ ਸ਼ਿਵਾਲਿਕ ਦੇ ਪਹਾੜਾਂ ਜਾਂ ਇਨ੍ਹਾਂ ਦੇ ਨਾਲ ਲੱਗਦੇ ਹਨ, ਨੂੰ, ਵਣਾਂ/ਜੰਗਲਾਂ 'ਚ ਵਗਦੇ ਚੋਆਂ ਕਾਰਨ ਹੋ ਰਹੇ ਨੁਕਸਾਨ ਤੋਂ ਬਿਹਤਰ ਤਰੀਕੇ ਨਾਲ ਸੁਰੱਖਿਅਤ ਕਰਨ ਲਈ ਬਣਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ 3 ਅਗਸਤ, 1905 ਦੇ ਗਜ਼ਟ ਅਨੁਸਾਰ ਪੰਜਾਬ ਭੂਮੀ ਸੁਰੱਖਿਆ (ਚੋਅ) ਐਕਟ 1900 ਸੀਮਤ ਲੋਕਲ ਦਾਇਰੇ ਵਿਚ ਇਕ ਬਹੁਤ ਹੀ ਲਾਭਦਾਇਕ ਕਦਮ ਹੈ, ਜਿਸ ਦਾ ਮਕਸਦ ਜੰਗਲਾਂ ਨੂੰ ਉਗਾਉਣਾ ਅਤੇ ਉਨ੍ਹਾਂ ਦੇ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਸ਼ਿਵਾਲਿਕ ਰੇਂਜ ਨਾਲ ਲੱਗਦੇ ਪਿੰਡਾਂ ਨੂੰ ਚੋਆਂ ਦੇ ਨੁਕਸਾਨ ਤੋਂ ਸੁਰੱਖਿਅਤ ਕਰਨਾ ਹੈ।
ਜੰਗਲਾਤ ਮੰਤਰੀ ਨੇ ਕਿਹਾ ਕਿ ਅੱਜ ਇਕ ਪਾਸੇ ਕੌਮਾਂਤਰੀ ਭਾਈਚਾਰਾ ਗਲੋਬਲ ਵਾਰਮਿੰਗ, ਪ੍ਰਦੂਸ਼ਣ, ਪਾਣੀ ਦੇ ਡਿਗ ਰਹੇ ਪੱਧਰ, ਵਾਤਾਵਰਣ ਤਬਦੀਲੀਆਂ ਬਾਰੇ ਚਿੰਤਤ ਹੈ, ਦੂਜੇ ਪਾਸੇ ਭਾਜਪਾ ਆਗੂ ਵਿਨੀਤ ਜੋਸ਼ੀ ਭੂ-ਮਾਫੀਆ ਦੀ ਸ਼ਹਿ 'ਤੇ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਜੋਸ਼ੀ ਨਹੀਂ ਚਾਹੁੰਦੇ ਕਿ ਜੰਗਲਾਂ ਦਾ ਖਾਤਮਾ ਅਤੇ ਵਾਤਾਵਰਣ ਹੋਰ ਪ੍ਰਦੂਸ਼ਿਤ ਹੋਣ ਤੋਂ ਰੁਕੇ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਕੋਈ ਵੀ ਮੁੱਦਾ ਨਹੀਂ ਰਿਹਾ, ਜਿਸ ਕਾਰਨ ਇਸ ਦੇ ਆਗੂ ਬੇਲੋੜੀ ਬਿਆਨਬਾਜ਼ੀ ਕਰਕੇ ਕੰਢੀ ਖੇਤਰ ਦੇ ਕਿਸਾਨਾਂ ਨੂੰ ਢਾਲ ਦੇ ਤੌਰ 'ਤੇ ਵਰਤ ਰਹੇ ਹਨ।