ਕੋਰੋਨਾ ਟੈਸਟ ਦੇ ਮਾਮਲੇ ''ਚ ਹਰਿਆਣਾ ਤੇ ਰਾਜਸਥਾਨ ਤੋਂ ਪੱਛੜਿਆ ਪੰਜਾਬ

05/28/2020 2:09:27 AM

ਜਲੰਧਰ, (ਨਰੇਸ਼ ਕੁਮਾਰ)- ਕੋਰੋਨਾ ਰੋਗੀਆਂ ਨੂੰ ਡਿਸਚਾਰਜ ਕਰਣ ਦੀ ਨਵੀਂ ਨੀਤੀ ਅਪਨਾਉਣ ਦੇ ਬਾਅਦ ਭਲੇ ਹੀ ਪੰਜਾਬ ਵਿਚ ਇਸ ਵਾਇਰਸ ਦੇ ਐਕਟਿਵ ਰੋਗੀਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਨਜ਼ਰ ਆ ਰਹੀ ਹੈ ਪਰ ਇਕ ਸਚਾਈ ਇਹ ਵੀ ਹੈ ਕਿ ਪੰਜਾਬ ਵਿਚ ਆਮ ਲੋਕਾਂ ਦੇ ਕੋਰੋਨਾ ਟੈਸਟ ਨਹੀਂ ਹੋ ਰਹੇ ਅਤੇ ਪੰਜਾਬ ਇਸ ਮਾਮਲੇ ਵਿਚ ਨਾ ਸਿਰਫ ਗੁਆਂਢੀ ਸੂਬਿਆਂ ਹਰਿਆਣਾ ਅਤੇ ਦਿੱਲੀ ਦੇ ਮੁਕਾਬਲੇ ਪੱਛੜ ਗਿਆ ਹੈ ਸਗੋਂ ਰਾਸ਼ਟਰੀ ਔਸਤ ਦੇ ਮਾਮਲੇ ਵਿਚ ਵੀ ਪੰਜਾਬ ਪਿੱਛੇ ਹੈ । 25 ਮਈ ਤੱਕ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਵਿਚ ਪ੍ਰਤੀ ਦੱਸ ਲੱਖ 2252 ਟੈਸਟ ਹੋਏ ਹਨ ਜਦੋਂ ਕਿ ਪੰਜਾਬ ਵਿੱਚ ਪ੍ਰਤੀ ਦੱਸ ਲੱਖ 2209 ਟੈਸਟ ਹੋਏ ਹਨ । ਜੇਕਰ ਪੰਜਾਬ ਦੀ ਤੁਲਨਾ ਹਰਿਆਣਾ, ਰਾਜਸਥਾਨ ਨਾਲ ਕੀਤੀ ਜਾਵੇ ਤਾਂ ਉੱਥੇ ਪੰਜਾਬ ਦੇ ਮੁਕਾਬਲੇ ਕਰੀਬ 50 ਫੀਸਦੀ ਜ਼ਿਆਦਾ ਟੈਸਟ ਹੋਏ ਹਨ, ਹਰਿਆਣਾ ਵਿਚ ਪ੍ਰਤੀ ਦੱਸ ਲੱਖ 3308 ਟੈਸਟ ਹੋਏ ਹਨ ਜਦੋਂ ਕਿ ਰਾਜਸਥਾਨ ਵਿਚ ਪ੍ਰਤੀ ਦੱਸ ਲੱਖ 4172 ਅਤੇ ਦਿੱਲੀ ਵਿਚ ਪ੍ਰਤੀ ਦੱਸ ਲੱਖ 8723 ਟੈਸਟ ਹੋਏ ਹਨ।

ਪੱਛਮੀ ਬੰਗਾਲ, ਤਮਿਲਨਾਡੂ ਵਿਚ ਵਧੀ ਟੈਸਟ ਦੀ ਰਫਤਾਰ

10 ਅਪ੍ਰੈਲ ਤੋਂ ਲੈ ਕੇ 25 ਮਈ ਤਕ ਦੇਸ਼ ਵਿਚ ਕੋਰੋਨਾ ਦੇ ਟੈਸਟ ਕੀਤੇ ਜਾਣ ਦੀ ਰਫਤਾਰ ਵਧੀ ਹੈ ਅਤੇ ਇਸ ਮਾਮਲੇ ਵਿਚ ਪੱਛਮੀ ਬੰਗਾਲ ਸਭ ਤੋਂ ਅੱਗੇ ਰਿਹਾ ਹੈ। ਪੱਛਮ ਬੰਗਾਲ ਵਿਚ ਇਸ ਮਿਆਦ ਵਿਚ ਟੈਸਟ ਕਰਨ ਦੀ ਰਫਤਾਰ 70.7 ਫੀਸਦੀ ਰਹੀ ਹੈ ਜਦੋਂ ਕਿ ਤਮਿਲਨਾਡੂ ਵਿਚ ਟੈਸਟ ਵਾਧਾ ਦੀ ਰਫਤਾਰ 54.3 ਫ਼ੀਸਦੀ ਅਤੇ ਆਂਧਰਾ ਪ੍ਰਦੇਸ਼ ਵਿਚ 49.3 ਫ਼ੀਸਦੀ, ਝਾਰਖੰਡ ਵਿਚ 37.8 ਫ਼ੀਸਦੀ, ਓਡਿਸ਼ਾ ਵਿਚ 36 ਫ਼ੀਸਦੀ ਅਤੇ ਪੰਜਾਬ ਵਿਚ ਟੈਸਟ ਵਾਧਾ ਦੀ ਰਫਤਾਰ 31.2 ਫੀਸਦੀ ਰਹੀ ਹੈ, ਪੰਜਾਬ ਟੈਸਟ ਰਫਤਾਰ ਵਾਧੇ ਦੇ ਮਾਮਲੇ ਵਿਚ ਵੀ ਸੱਤਵੇਂ ਨੰਬਰ ’ਤੇ ਰਿਹਾ ਹੈ।

ਮੰਤਰੀ ਸ਼ਰਾਬ ਅਤੇ ਰੇਤ ਮਾਫੀਆ ਵਿਚ ਰੁਝੇ, ਕੋਰੋਨਾ ਦੀ ਕਿਸੇ ਨੂੰ ਫਿਕਰ ਨਹੀਂ : ਚੁਘ

ਪੰਜਾਬ ਵਿਚ ਕੋਰੋਨਾ ਦੇ ਘੱਟ ਟੈਸਟ ਦੇ ਮਾਮਲੇ ’ਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਸ਼ਰਾਬ ਅਤੇ ਰੇਤ ਮਾਫੀਆ ਵਿਚ ਰੁਝੇ ਹਨ, ਪਿੱਛਲੀ ਕੈਬਨਿਟ ਇਸ ਲਈ ਰੱਦ ਹੋ ਗਈ ਸੀ ਕਿ ਸ਼ਰਾਬ ਦੇ ਪੈਸੇ ਦੀ ਬਾਂਦਰ ਵੰਡ ਕਿਵੇਂ ਹੋਵੇਗੀ ਅਤੇ ਅੱਜ ਦੀ ਕੈਬਨਿਟ ਵਿਚ ਵੀ ਸ਼ਰਾਬ ਦੇ ਪੈਸੇ ਨੂੰ ਲੈ ਕੇ ਹੀ ਚਰਚਾ ਹੁੰਦੀ ਰਹੀ ਅਤੇ ਕੋਰੋਨਾ ਨੂੰ ਲੈ ਕੇ ਕੋਈ ਚਰਚਾ ਨਹੀਂ ਹੋ ਰਹੀ । ਪਹਿਲਾਂ ਸ਼ਰਾਬ ਦੇ ਰੈਵੇਨਿਊ ਵਿਚ 2600 ਕਰੋੜ ਰੁਪਏ ਦੇ ਘਾਟੇ ਦੀ ਗੱਲ ਉਠੀ ਸੀ ਪਰ ਅਜ ਇਸ ’ਤੇ ਸਮਝੌਤਾ ਹੋ ਗਿਆ, ਪਰ ਕੋਈ ਨਹੀਂ ਦੱਸ ਰਿਹਾ ਕਿ ਉਹ ਝਗੜੇ ਵਾਲਾ 2600 ਕਰੋੜ ਰੁਪਏ ਕਿੱਥੇ ਗਏ, ਜੇਕਰ ਸਰਕਾਰ ਇਹ ਰੈਵੇਨਿਊ ਐਕਸ ਚੈਕਰ ਵਿਚ ਪਵਾਉਂਦੀ ਤਾਂ ਕੋਰੋਨਾ ਟੈਸਟ ਲਈ ਕਿੱਟਾਂ ਆ ਸਕਦੀਆਂ ਸਨ ਪਰ ਮੁੱਖ ਮੰਤਰੀ ਛੁੱਟੀ ’ਤੇ ਹਨ ਅਤੇ ਉਹ ਸੇਵਨ ਸਟਾਰ ਫ਼ਾਰਮ ਹਾਉਸ ਵਿਚ ਰੁਝੇ ਹਨ ਲਿਹਾਜਾ ਪੰਜਾਬ ਵਿਚ ਕੋਰੋਨਾ ਦੇ ਟੈਸਟ ਘੱਟ ਹੋ ਰਹੇ ਹਨ।

ਸਰਕਾਰ ਦਾ ਧਿਆਨ ਟੈਸਟ ’ਤੇ ਨਹੀਂ, ਰੋਗੀਆਂ ਨੂੰ ਡਿਸਚਾਰਜ ਕਰਣ ’ਤੇ : ਮਜੀਠੀਆ

ਪੰਜਾਬ ਵਿਚ ਸਿਹਤ ਮੰਤਰੀ ਕੋਰੋਨਾ ਨੂੰ ਲੈ ਕੇ ਗੰਭੀਰ ਨਹੀਂ ਹਨ, ਸਰਕਾਰ ਦਾ ਸਾਰਾ ਧਿਆਨ ਤਾਂ ਮਰੀਜਾਂ ਨੂੰ ਡਿਸਚਾਰਜ ਕਰਨ ਵਿਚ ਲਗਾ ਹੋਇਆ ਹੈ, ਤਰਨ ਤਾਰਣ ਵਿਚ 153 ਮਾਮਲੇ ਸਾਹਮਣੇ ਆਏ ਸਨ ਪਰ ਸਿਹਤ ਵਿਭਾਗ ਨੇ 154 ਰੋਗੀਆਂ ਨੂੰ ਡਿਸਚਾਰਜ ਕਰ ਦਿੱਤਾ ਇਸ ਨਾਲ ਸਰਕਾਰ ਦੀ ਗੰਭੀਰਤਾ ਸਮਝ ਆ ਜਾਂਦੀ ਹੈ, ਸਿਹਤ ਮੰਤਰੀ ਨਾ ਤਾਂ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਸਥਾਪਤ ਕਰ ਪਾ ਰਹੇ ਹਨ ਅਤੇ ਨਾ ਹੀ ਆਪਣੇ ਅਫਸਰਾਂ ਅਤੇ ਸਟਾਫ ਦੇ ਨਾਲ , ਅਜਿਹੇ ਵਿਚ ਪੰਜਾਬ ਵਿਚ ਟੈਸਟ ਘੱਟ ਹੋ ਰਹੇ ਹਨ ਤਾਂ ਇਸ ਵਿਚ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਸਿਹਤ ਵਿਭਾਗ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਫੇਲ ਹੋ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਨੂੰ ਗੁਆਂਢੀ ਸੂਬੇ ਹਰਿਆਣਾ ਤੋਂ ਸਬਕ ਲੈਣਾ ਚਾਹੀਦਾ ਹੈ ਜਿੱਥੇ ਪੰਜਾਬ ਦੇ ਮੁਕਾਬਲੇ ਟੈਸਟ ਤਾਂ ਜ਼ਿਆਦਾ ਹੋ ਰਹੇ ਹਨ ਪਰ ਕੋਰੋਨਾ ਦੇ ਪਾਜੇਟਿਵ ਰੋਗੀਆਂ ਦੀ ਗਿਣਤੀ ਘੱਟ ਆ ਰਹੀ ਹੈ ਕਿਉਂਕਿ ਸਰਕਾਰ ਨੇ ਉੱਥੇ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਜਾਗਰੂਕ ਕੀਤਾ ਹੈ ਅਤੇ ਉੱਥੇ ਸਿਹਤ ਮੰਤਰੀ ਖੁਦ ਕਾਫ਼ੀ ਸਰਗਰਮ ਹਨ । ਪੰਜਾਬ ਦੇ ਸਿਹਤ ਮੰਤਰੀ ਜਿਸ ਤੇਜੀ ਨਾਲ ਰੋਗੀਆਂ ਨੂੰ ਠੀਕ ਦੱਸ ਕੇ ਡਿਸਚਾਰਜ ਕਰ ਰਹੇ ਹਨ, ਉਸ ਹਿਸਾਬ ਨਾਲ ਇਨ੍ਹਾਂ ਨੂੰ ਡਬਲਿਊ. ਐੱਚ. ਓ. ਮੁਖੀ ਦੇ ਅਹੁਦੇ ’ਤੇ ਹੋਣਾ ਚਾਹੀਦਾ ਹੈ ਤਾਂ ਕਿ ਦੁਨੀਆ ਭਰ ’ਚੋ ਇਹ ਰੋਗ ਇੰਝ ਹੀ ਖਤਮ ਹੋ ਜਾਵੈ।

ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਕੋਰੋਨਾ ਟੈਸਟ

ਪੰਜਾਬ - 72468

ਹਿਮਾਚਲ ਪ੍ਰਦੇਸ਼ - 30864

ਹਰਿਆਣਾ - 103376

ਰਾਜਸਥਾਨ - 350600

ਲੁਧਿਆਣਾ ਵਿਚ ਸਭ ਤੋਂ ਜ਼ਿਆਦਾ ਅਤੇ ਪਠਾਨਕੋਟ ਵਿਚ ਸਭ ਤੋਂ ਘੱਟ ਟੈਸਟ

ਪੰਜਾਬ ਵਿੱਚ ਸਭ ਤੋਂ ਜ਼ਿਆਦਾ 6766 ਟੈਸਟ ਲੁਧਿਆਣਾ ਵਿਚ ਕੀਤੇ ਗਏ ਹਨ ਜਦੋਂ ਕਿ 6611 ਟੈਸਟ ਦੇ ਨਾਲ ਜਲੰਧਰ ਦੂਜੇ ਨੰਬਰ ’ਤੇ ਹੈ, ਅੰਮ੍ਰਿਤਸਰ ਵਿਚ ਹੁਣ ਤੱਕ 4506 ਟੈਸਟ ਹੋਏ ਹਨ ਅਤੇ ਇਹ ਟੈਸਟ ਦੇ ਮਾਮਲੇ ਵਿਚ ਤੀਜੇ, ਮੋਹਾਲੀ 3934 ਟੈਸਟ ਦੇ ਨਾਲ ਚੌਥੇ ਅਤੇ ਪਟਿਆਲਾ 3896 ਟੈਸਟਾਂ ਦੇ ਨਾਲ ਪੰਜਵੇਂ ਨੰਬਰ ’ਤੇ ਹੈ, ਪੰਜਾਬ ਵਿਚ ਸਭ ਤੋਂ ਘੱਟ 1585 ਟੈਸਟ ਪਠਾਨਕੋਟ ਵਿਚ ਹੋਏ ਹਨ ਅਤੇ ਇਹ ਆਖਰੀ ਨੰਬਰ ’ਤੇ ਹੈ।


Bharat Thapa

Content Editor

Related News