ਪੰਜਾਬ ਦੇ ਸਕੂਲ ’ਚ ਪੜਿ੍ਹਆ ਇਹ ਵੀਰ ਜਵਾਨ ਹੋਵੇਗਾ ਫੌਜ ’ਚ ਉੱਪ ਮੁਖੀ

01/18/2020 12:47:44 PM

ਨਵੀਂ ਦਿੱਲੀ/ਕਪੂਰਥਲਾ— ਫੌਜ ਦੀ ਦੱਖਣੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਸਤਿੰਦਰ ਕੁਮਾਰ ਸੈਣੀ ਫੌਜ ਦੇ ਨਵੇਂ ਉੱਪ ਮੁਖੀ ਹੋਣਗੇ। 25 ਜਨਵਰੀ ਨੂੰ ਉਹ ਅਹੁਦਾ ਸੰਭਾਲਣਗੇ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਸ ਅਹੁਦੇ ’ਤੇ ਪੁੱਜਣ ਵਾਲੇ ਕਪੂਰਥਲਾ ਸੈਨਿਕ ਸਕੂਲ ਦੇ ਪਹਿਲੇ ਵਿਦਿਆਰਥੀ ਹਨ
ਪੰਜਾਬ ਦੇ ਕਪੂਰਥਲਾ ਸੈਨਿਕ ਸਕੂਲ ਅਤੇ ਨੈਸ਼ਨਲ ਡਿਫੈਂਸ ਅਕਾਦਮੀ ਤੋਂ ਪੜ੍ਹੇ ਸੈਣੀ ਜੂਨ 1981 ’ਚ ਜਾਟ ਰੈਜੀਮੈਂਟ ’ਚ ਕਮੀਸ਼ੰਡ ਹੋਏ ਸਨ। ਇਸ ਅਹੁਦੇ ’ਤੇ ਪਹੁੰਚਣ ਵਾਲੇ ਉਹ ਕਪੂਰਥਲਾ ਸੈਨਿਕ ਸਕੂਲ ’ਚ ਪੜ੍ਹੇ ਪਹਿਲੇ ਵਿਦਿਆਰਥੀ ਹਨ। ਦੱਖਣੀ ਕਮਾਨ ਦੇ ਹੈੱਡ ਕੁਆਰਟਰ ਪੁਣੇ ’ਚ ਜਾਣ ਤੋਂ ਪਹਿਲਾਂ ਉਹ ਕਈ ਮੁੱਖ ਭੂਮਿਕਾਵਾਂ ’ਚ ਰਹਿ ਚੁਕੇ ਹਨ। ਜੰਮੂ-ਕਸ਼ਮੀਰ ’ਚ ਅੱਤਵਾਦ ਵਿਰੋਧੀ ਫੋਰਸ ਨੂੰ ਵੀ ਉਹ ਕਮਾਂਡ ਕਰ ਚੁਕੇ ਹਨ।

ਆਸਟ੍ਰੇਲੀਆ ’ਚ ਅੱਤਵਾਦ ਵਿਰੋਧ ਅਭਿਆਸ ’ਚ ਵੀ ਹਿੱਸਾ ਲਿਆ ਸੀ
ਉਹ ਨੈਸ਼ਨਲ ਸਕਿਓਰਿਟੀ ਗਾਰਡ ਦੇ ਟਰੇਨਿੰਗ ਕੇਂਦਰ ’ਚ ਹਥਿਆਰ ਟਰੇਨਿੰਗ, ਨਵੀਂ ਦਿੱਲੀ ਦੇ ਨੈਸ਼ਨਲ ਡਿਫੈਂਸ ਕਾਲਜ ’ਚ ਸੀਨੀਅਰ ਡਾਈਰੈਕਟਿੰਗ ਸਟਾਫ ਅਤੇ ਦੇਹਰਾਦੂਨ ’ਚ ਭਾਰਤੀ ਫੌਜ ਅਕਾਦਮੀ ’ਚ ਕਮਾਂਡੈਂਟ ਰਹਿ ਚੁਕੇ ਹਨ। ਇਰਾਕ, ਕੁਵੈਤ ’ਚ ਸੰਯੁਕਤ ਰਾਸ਼ਟਰ ਮਿਸ਼ਨ ’ਚ ਉਨ੍ਹਾਂ ਨੇ ਉੱਪ ਮੁਖੀ ਫੌਜ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਮੰਗੋਲੀਆ ’ਚ ਵਿਸ਼ਵ ਸ਼ਾਂਤੀ ਮੁਹਿੰਮ ਪਹਿਲ ਅਤੇ ਆਸਟ੍ਰੇਲੀਆ ’ਚ ਅੱਤਵਾਦ ਵਿਰੋਧ ਅਭਿਆਸ ’ਚ ਵੀ ਹਿੱਸਾ ਲਿਆ ਸੀ।

ਸੈਨਿਕ ਸਕੂਲ ’ਚ 5ਵੀਂ ਜਮਾਤ ’ਚ ਲਿਆ ਸੀ ਦਾਖਲਾ 
ਸੈਣੀ ਨੇ 1970 ’ਚ ਕਪੂਰਥਲਾ ਦੇ ਸੈਨਿਕ ਸਕੂਲ ’ਚ 5ਵੀਂ ਜਮਾਤ ’ਚ ਦਾਖਲਾ ਲਿਆ ਸੀ। ਸਕੂਲ ਦੇ ਤਿਲਕ ਹਾਊਸ ’ਚ ਰਹੇ ਸੈਣੀ ਹਾਕੀ, ਫੁੱਟਬਾਲ ਦੇ ਬਿਹਤਰ ਖਿਡਾਰੀ ਹੋਣ ਦੇ ਨਾਲ ਹੀ ਐਥਲੈਟਿਕਸ ’ਚ ਵੀ ਬਰਾਬਰ ਹਿੱਸਾ ਲੈਂਦੇ ਸਨ। ਕਮਾਂਡਰ ਰਵਿੰਦਰ ਦਾ ਕਹਿਣਾ ਹੈ ਕਿ ਸੈਣੀ ਸ਼ੁਰੂ ਤੋਂ ਹੀ ਆਪਣੇ ਟਾਰਗੇਟ ’ਤੇ ਫੋਕਸ ਰੱਖਣ ਵਾਲਿਆਂ ’ਚ ਰਹੇ ਹਨ। ਓਲਡ ਬੁਆਏਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸੰਘੂ ਨੇ ਦੱਸਿਆ ਕਿ ਉਹ ਪਿਛਲੇ ਸਾਲ 7 ਦਸੰਬਰ ਨੂੰ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੇ ਸੰਮੇਲਨ ’ਚ ਸ਼ਾਮਲ ਹੋਣ ਇੱਥੇ ਆਏ ਸਨ।


DIsha

Content Editor

Related News