ਪੰਜਾਬ ਨੇ ਸਿਹਤ ਖੇਤਰ 'ਚ ਹਾਸਲ ਕੀਤੀ ਇਕ ਹੋਰ ਉਪਲੱਬਧੀ, ਕੇਂਦਰ ਸਰਕਾਰ ਨੇ ਕੀਤਾ ਸਨਮਾਨਿਤ

Wednesday, Dec 21, 2022 - 05:55 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਆਪਣੇ ਸਿਹਤ ਸੂਚਕਾਂ 'ਚ ਲਗਾਤਾਰ ਸੁਧਾਰ ਕਰ ਰਿਹਾ ਹੈ। ਸਿਹਤ ਖੇਤਰ 'ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਸਬੰਧੀ ਪੰਜਾਬ ਸਰਕਾਰ ਦੇ ਸੰਕਲਪ ਤਹਿਤ ਪਿਛਲੇ 8 ਮਹੀਨਿਆਂ ਤੋਂ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪੰਜਾਬ ਸਿਹਤ ਦੇ ਖੇਤਰ 'ਚ ਕੇਂਦਰ ਸਰਕਾਰ ਦੀ ਮਾਨਤਾ ਹਾਸਲ ਕਰ ਰਿਹਾ ਹੈ। ਅਜਿਹੀ ਇੱਕ ਮਾਨਤਾ ਤਹਿਤ ਪੰਜਾਬ ਨੂੰ ਯੂਨੀਵਰਸਲ ਹੈਲਥ ਕਵਰੇਜ ਦਿਵਸ ਮੌਕੇ ਦਸੰਬਰ-2022 ਲਈ ਨਿਰਧਾਰਿਤ ਸਮਾਂ-ਸੀਮਾ ਤੋਂ ਪਹਿਲਾਂ ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚ. ਡਬਲਿਊ. ਸੀਜ਼) ਖੋਲ੍ਹਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਉਪਲੱਬਧੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਸੰਬਰ-2022 ਤੱਕ 2810 ਐੱਚ. ਡਬਲਿਊ. ਸੀਜ਼ ਖੋਲ੍ਹਣ ਦੇ ਮਿੱਥੇ ਟੀਚੇ ਦੇ ਮੁਕਾਬਲੇ ਪੰਜਾਬ ਨੇ ਸੂਬੇ 'ਚ 2989 ਐੱਚ. ਡਬਲਿਊ. ਸੀਜ਼ ਨੂੰ ਸਫ਼ਲਤਾ ਪੂਰਵਕ ਕਾਰਜਸ਼ੀਲ ਕੀਤਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਕੂਲਾਂ ਦੇ ਬਾਹਰ ਨਹੀਂ ਵਿਕੇਗਾ ਤੰਬਾਕੂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ

ਇਹ ਸੂਬੇ 'ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ ਅਤੇ ਸਿਹਤ ਬੁਨਿਆਦੀ ਢਾਂਚੇ 'ਚ ਸੁਧਾਰ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਦਾ ਹੈ। ਐੱਚ. ਡਬਲਿਊ. ਸੀਜ਼ ਦੇ ਕੰਮਕਾਜ ਬਾਰੇ ਬੋਲਦਿਆਂ ਜੌੜਾਮਾਜਰਾ ਨੇ ਕਿਹਾ ਕਿ ਇਹ ਸੈਂਟਰ ਮੁੱਢਲੀ ਅਤੇ ਰੋਕਥਾਮ ਵਾਲੀਆਂ ਸਿਹਤ ਦੇਖਭਾਲ ਸੇਵਾਵਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸੈਂਟਰ ਲਗਭਗ 5000 ਦੀ ਆਬਾਦੀ ਨੂੰ ਦੇਖ-ਭਾਲ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਇਸ ਸੈਂਟਰ 'ਚ ਇੱਕ ਕਮਿਊਨਿਟੀ ਹੈਲਥ ਅਫ਼ਸਰ, ਇੱਕ ਏ. ਐੱਨ. ਐੱਮ., ਇੱਕ ਹੈਲਥ ਵਰਕਰ ਅਤੇ ਆਸ਼ਾ ਵਰਕਰ ਸੇਵਾਵਾਂ ਪ੍ਰਦਾਨ ਕਰਦੇ ਹਨ।

ਇਹ ਵੀ ਪੜ੍ਹੋ : ਲਤੀਫ਼ਪੁਰਾ ਵਾਂਗ ਹੁਣ ਲੁਧਿਆਣਾ 'ਚ ਨਗਰ ਨਿਗਮ ਦਾ ਐਕਸ਼ਨ, ਤਣਾਅਪੂਰਨ ਬਣਿਆ ਮਾਹੌਲ

ਇੰਟਰਨੈੱਟ ਸਹੂਲਤ ਨਾਲ ਲੈਸ ਇਹ ਸੈਂਟਰ ਜਨਤਾ ਲਈ ਟੈਲੀਮੈਡੀਸਨ ਨੋਡਲ ਪੁਆਇੰਟ ਵਜੋਂ ਵੀ ਕੰਮ ਕਰਦੇ ਹਨ। ਇਸ ਸੈਂਟਰ ਦੇ ਅਧਿਕਾਰ ਖੇਤਰ 'ਚ ਰਹਿੰਦੇ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ ਅਤੇ ਕਿਸੇ ਗੈਰ ਸੰਚਾਰੀ ਬਿਮਾਰੀ ਦੀ ਪਛਾਣ ਲਈ ਨਜ਼ਦੀਕੀ ਉੱਚ ਸਿਹਤ ਸੰਥਥਾ 'ਚ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾਂਦੀ ਹੈ। ਮੰਤਰੀ ਨੇ ਇਸ ਉਪਲੱਬਧੀ ਨੂੰ ਹਾਸਲ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਵਿੱਖ 'ਚ ਵੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News