ਮਰੀਜ਼ਾਂ ਲਈ ਡਾਕਟਰ ਓਹੀ ਦਵਾਈਆਂ ਲਿਖਣ, ਜੋ ਹਸਪਤਾਲ ''ਚ ਹੋਣ

Wednesday, Dec 06, 2017 - 08:04 AM (IST)

ਮਰੀਜ਼ਾਂ ਲਈ ਡਾਕਟਰ ਓਹੀ ਦਵਾਈਆਂ ਲਿਖਣ, ਜੋ ਹਸਪਤਾਲ ''ਚ ਹੋਣ

ਮੋਹਾਲੀ  (ਨਿਆਮੀਆਂ) - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ. ਐੱਚ. ਐੱਸ. ਸੀ.) ਦੇ ਮੈਨੇਜਿੰਗ ਡਾਇਰੈਕਟਰ ਤੇ ਕੌਮੀ ਸਿਹਤ ਮਿਸ਼ਨ, ਪੰਜਾਬ ਦੇ ਮਿਸ਼ਨ ਡਾਇਰੈਕਟਰ ਵਰੁਣ ਰੂਜ਼ਮ ਨੇ ਅੱਜ ਜ਼ਿਲਾ ਹਸਪਤਾਲ ਦਾ ਦੌਰਾ ਕਰ ਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਵਿਚ ਜਾ ਕੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਮੁਆਇਨਾ ਕੀਤਾ ਤੇ ਬਿਹਤਰ ਸਿਹਤ ਸੇਵਾਵਾਂ ਦੇਣ ਹਿੱਤ ਪ੍ਰਬੰਧ ਸੁਧਾਰਨ ਲਈ ਸਟਾਪ ਕੋਲੋਂ ਸੁਝਾਅ ਵੀ ਲਏ।
ਰੂਜ਼ਮ ਨੇ ਐਮਰਜੈਂਸੀ, ਜੱਚਾ-ਬੱਚਾ ਕੇਂਦਰ, ਜਨ ਔਸ਼ਧੀ ਕੇਂਦਰ, ਓ. ਪੀ. ਡੀਜ਼ ਆਦਿ ਦਾ ਦੌਰਾ ਕੀਤਾ ਤੇ ਹਸਪਤਾਲ ਦੇ ਸਟਾਫ ਨੂੰ ਕਈ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਮੈਡੀਸਨ ਸਟੋਰ ਦਾ ਨਿਰੀਖਣ ਕੀਤਾ ਤੇ ਹਸਪਤਾਲ ਵਿਚ ਦਵਾਈਆਂ ਦੀ ਉਪਲਭਧਤਾ ਤੇ ਮੰਗ ਬਾਰੇ ਜਾਣਿਆ। ਉਨ੍ਹਾਂ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਮੰਗ, ਉਪਲਭਧਤਾ ਤੇ ਕਮੀ ਦਾ ਸਮੁੱਚਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਮਰੀਜ਼ਾਂ ਨੂੰ ਜ਼ਿਆਦਾਤਰ ਅਜਿਹੀਆਂ ਦਵਾਈਆਂ ਹੀ ਲਿਖੀਆਂ ਜਾਣ ਜਿਹੜੀਆਂ ਹਸਪਤਾਲ ਵਿਚ ਹੀ ਹੋਣ, ਜੇ ਕੋਈ ਖਾਸ ਦਵਾਈ ਹਸਪਤਾਲ ਵਿਚ ਨਹੀਂ ਤਾਂ ਹਸਪਤਾਲ ਵਿਚ ਹੀ ਖੁੱਲ੍ਹੇ ਹੋਏ ਜਨ ਔਸ਼ਧੀ ਸਟੋਰ ਤੋਂ ਮਿਲੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਹਰ ਸਮੇਂ ਲੋੜੀਂਦੀਆਂ ਦਵਾਈਆਂ ਉਪਲਭਧ ਹੋਣੀਆਂ ਚਾਹੀਦੀਆਂ ਹਨ ਤੇ ਮੁਆਇਨਾ ਤੇ ਇਲਾਜ ਕਰਵਾਉਣ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।
ਮੈਨੇਜਿੰਗ ਡਾਇਰੈਕਟਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਰੀਜ਼ਾਂ ਨੂੰ ਆਪਣੀ ਵਾਰੀ ਲਈ ਜ਼ਿਆਦਾ ਉਡੀਕ ਨਾ ਕਰਨੀ ਪਏ ਤੇ ਉਨ੍ਹਾਂ ਦੇ ਬੈਠਣ ਲਈ ਖਾਸ ਪ੍ਰਬੰਧ ਹੋਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਜ਼ਿਲਾ ਹਸਪਤਾਲ ਵਿਚ ਮਰੀਜ਼ਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਤੇ ਉਹ ਇਸ ਦਿਸ਼ਾ ਵਿਚ ਲੋੜੀਂਦੇ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਜ, ਟੈਸਟਾਂ, ਮਾਹਰ ਡਾਕਟਰਾਂ ਤੇ ਹੋਰ ਸਟਾਫ ਆਦਿ ਦੇ ਮਾਮਲੇ ਵਿਚ ਜਿਹੜੀ ਵੀ ਘਾਟ ਹੈ, ਉਹ ਜਲਦ ਪੂਰੀ ਕੀਤੀ ਜਾਵੇਗੀ।
ਰੂਜ਼ਮ ਨੇ ਕਿਹਾ ਕਿ ਮਰੀਜ਼ਾਂ ਨੂੰ
ਬਿਹਤਰ ਸਹੂਲਤਾਂ ਦੇਣ ਦੇ ਮਾਮਲੇ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਹਸਪਤਾਲ ਦਾ ਨਿਰੀਖਣ ਕਰਨ ਮਗਰੋਂ ਉਨ੍ਹਾਂ ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਅਸਿਸਟੈਂਟ ਡਾਇਰੈਕਟਰ ਡਾ. ਜਸਕਿਰਨ ਕੌਰ, ਜ਼ਿਲਾ ਹਸਪਤਾਲ ਦੇ ਐੱਸ. ਐੱਮ. ਓ. ਡਾ. ਸੁਰਿੰਦਰ ਸਿੰਘ, ਜ਼ਿਲਾ ਮਾਸ ਮੀਡੀਆ ਅਫਸਰ ਗੁਰਦੀਪ ਕੌਰ ਨਾਲ ਬੈਠਕ ਕੀਤੀ ਤੇ ਹਸਪਤਾਲ ਦੇ ਸਮੁੱਚੇ ਕੰਮਕਾਜ ਅਤੇ ਲੋੜੀਂਦੇ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਜਾਣਿਆ।


Related News