ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ''ਅਨਾਜ ਮੰਡੀਆਂ''
Wednesday, Mar 10, 2021 - 09:40 AM (IST)
ਖੰਨਾ : ਕੇਂਦਰ ਅਤੇ ਪੰਜਾਬ ਸਰਕਾਰ ਦੇ ਫ਼ੈਸਲਿਆਂ ਖ਼ਿਲਾਫ਼ ਸੂਬੇ ਭਰ ਦੇ ਆੜ੍ਹਤੀਆਂ ਵੱਲੋਂ 10 ਮਾਰਚ ਮਤਲਬ ਕਿ ਅੱਜ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਬੰਦ ਕਰਕੇ ਰੋਸ ਪ੍ਰਗਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦਾ ਐਲਾਨ ਬੀਤੇ ਦਿਨੀਂ ਖੰਨਾ ਮੰਡੀ ਵਿਖੇ ਆੜ੍ਹਤੀ ਐਸੋਸੀੲਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਗਿਆ ਸੀ।
ਮੀਟਿੰਗ 'ਚ ਰਵਿੰਦਰ ਸਿੰਘ ਚੀਮਾ ਨੇ ਕਿਹਾ ਸੀ ਕਿ ਕਿਸਾਨੀ ਸੰਘਰਸ਼ ’ਚ ਆੜ੍ਹਤੀਆਂ ਦੀ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੀ ਅਦਾਇਗੀ ਅਤੇ ਜ਼ਮੀਨ ਦੀਆਂ ਜਮ੍ਹਾਬੰਦੀਆਂ ਨੂੰ ਲੈ ਕੇ ਖ਼ਰੀਦ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ’ਤੇ ਮੋਹਰ ਲਾਉਂਦਿਆਂ ਕੇਂਦਰ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਕਣਕ ਦੀ ਇਸ ਫ਼ਸਲ 'ਤੇ ਕੇਂਦਰ ਦੇ ਹੁਕਮ ਲਾਗੂ ਕੀਤੇ ਜਾਣਗੇ।
ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਪਿਛਲੇ ਤਿੰਨ ਸੀਜ਼ਨਾਂ ਤੋਂ ਆੜ੍ਹਤੀਆਂ ਦੀ ਲਗਭਗ ਡੇਢ ਸੌ ਕਰੋੜ ਆੜ੍ਹਤ ਅਤੇ ਪੰਜਾਹ ਕਰੋੜ ਮਜ਼ਦੂਰੀ ਰੋਕੀ ਬੈਠੀ ਹੈ, ਜਿਸ ਨੂੰ ਲੈਣ ਲਈ ਜਦੋਂ ਵੀ ਆੜ੍ਹਤੀ ਖ਼ੁਰਾਕ ਮੰਤਰੀ ਨੂੰ ਮਿਲਦੇ ਹਨ ਤਾਂ ਆੜ੍ਹਤੀਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਇਸ ਦੇ ਕਾਰਨ ਐਸੋਸੀਏਸ਼ਨ ਵੱਲੋਂ ਪੰਜਾਬ ਦੀਆਂ ਅਨਾਜ ਮੰਡੀਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਨੋਟ : ਆੜ੍ਹਤੀ ਐਸੋਸੀਏਸ਼ਨ ਵੱਲੋਂ ਪੰਜਾਬ ਦੀਆਂ ਅਨਾਜ ਮੰਡੀਆਂ ਬੰਦ ਰੱਖੇ ਜਾਣ ਦੇ ਫ਼ੈਸਲੇ ਬਾਰੇ ਦਿਓ ਆਪਣੀ ਰਾਏ