ਮਾਈਨਿੰਗ ਮਾਫ਼ੀਆ ਕਾਰਨ ਵਿਗੜਿਆ ਅਕਸ ਸੁਧਾਰਨ 'ਤੇ ਉਤਰੀ ਪੰਜਾਬ ਸਰਕਾਰ

Saturday, Aug 08, 2020 - 05:08 PM (IST)

ਮਾਈਨਿੰਗ ਮਾਫ਼ੀਆ ਕਾਰਨ ਵਿਗੜਿਆ ਅਕਸ ਸੁਧਾਰਨ 'ਤੇ ਉਤਰੀ ਪੰਜਾਬ ਸਰਕਾਰ

ਚੰਡੀਗੜ੍ਹ (ਅਸ਼ਵਨੀ) : ਮਾਈਨਿੰਗ ਮਾਮਲਿਆਂ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿਚ ਲਗਾਤਾਰ ਹੋ ਰਹੀ ਕਿਰਕਿਰੀ ਵਿਚਕਾਰ ਸਰਕਾਰ ਹੁਣ ਆਪਣਾ ਅਕਸ ਸੁਧਾਰਨ 'ਤੇ ਉਤਰੀ ਹੈ। ਪੰਜਾਬ ਦੇ ਖਨਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਪਿਛਲੇ 3 ਮਹੀਨਿਆਂ ਵਿਚ ਸਰਕਾਰੀ ਕਾਰਜਪ੍ਰਣਾਲੀ ਦਾ ਬਿਓਰਾ ਦਿੱਤਾ। ਇਸ ਦੌਰਾਨ ਵਿਚ 201 ਮੁਕੱਦਮੇ ਦਰਜ ਕਰਵਾ ਕੇ 189 ਵਿਅਕਤੀਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਨਾਜਾਇਜ਼ ਰੇਤ-ਬਜਰੀ ਢੋਅਣ ਵਾਲੇ 148 ਟਰੈਕਟਰ-ਟਰਾਲੀਆਂ, 119 ਟਿੱਪਰ/ਟਰੱਕ ਅਤੇ 27 ਜੇਸੀਬੀ ਮਸ਼ੀਨਾਂ ਤੋਂ ਇਲਾਵਾ ਹੋਰ ਮਸ਼ੀਨਰੀ ਜ਼ਬਤ ਕੀਤੀ ਗਈ ਹੈ। ਸਰਕਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆਂ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਰੇਤ-ਬਜਰੀ ਢੋਅਣ ਵਾਲੇ ਵਾਹਨਾਂ, ਜਿਨ੍ਹਾਂ ਕੋਲ ਮਾਈਨਿੰਗ ਮਹਿਕਮੇ ਦੀ ਪਰਚੀ ਨਹੀਂ ਹੁੰਦੀ ਉਸ ਨੂੰ ਵੀ ਜ਼ਬਤ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਮਾਈਨਿੰਗ ਮਹਿਕਮੇ ਵਲੋਂ ਮਨਜ਼ੂਰਸ਼ੁਦਾ ਖੱਡਾਂ ਵਿਚੋਂ ਖਣਨ ਪਦਾਰਥਾਂ ਦੀ ਢੋਆ-ਢੁਆਈ ਲਈ ਪਰਚੀ ਜਾਰੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕੇਰਲ ਜਹਾਜ਼ ਹਾਦਸਾ : ਕੈਪਟਨ ਨੇ ਜ਼ਖਮੀਆਂ ਦੀ ਤੰਦਰੁਸਤੀ ਲਈ ਕੀਤੀ ਅਰਦਾਸ

ਮੁੱਖ ਇੰਜਨੀਅਰ ਖਨਨ ਸੰਜੀਵ ਗੁਪਤਾ ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਰੇਤ ਤੇ ਬਜਰੀ ਢੋਅਣ ਵਾਲੇ ਟਰੈਕਟਰ-ਟਰਾਲੀਆਂ, ਟਰੱਕਾਂ ਜਾਂ ਅਜਿਹੇ ਹੋਰ ਵਾਹਨਾਂ ਨੂੰ ਜ਼ਬਤ ਕਰਕੇ ਕੇਸ ਦਰਜ ਕਰਨ ਤੋਂ ਇਲਾਵਾ ਜਿਸ ਖੱਡ ਵਿਚੋਂ ਅਜਿਹਾ ਮਟੀਰੀਅਲ ਲਿਆਂਦਾ ਜਾ ਰਿਹਾ ਹੁੰਦਾ ਹੈ, ਉਸ ਜ਼ਮੀਨ ਦੇ ਮਾਲਕ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਕਰਨ ਵਾਲੇ ਅਤੇ ਜ਼ਮੀਨ ਮਾਲਕ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ। ਜ਼ਿਆਦਾ ਵੇਰਵੇ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਈ, ਜੂਨ ਅਤੇ ਜੁਲਾਈ ਮਹੀਨਿਆਂ ਵਿਚ ਗੈਰ ਕਾਨੂੰਨੀ ਖਣਨ ਦੇ ਕੁੱਲ 201 ਮਾਮਲੇ ਦਰਜ ਕਰਵਾਏ ਗਏ ਜਿਨ੍ਹਾਂ ਵਿਚੋਂ ਮੁੱਖ ਰੂਪ ਵਿਚ ਲੁਧਿਆਣਾ ਜ਼ਿਲੇ ਵਿਚ 37, ਹੁਸ਼ਿਆਰਪੁਰ ਵਿਚ 29, ਐੱਸ.ਬੀ.ਐੱਸ. ਨਗਰ ਵਿਚ 37 ਅਤੇ ਰੋਪੜ ਵਿਚ 25 ਮਾਮਲੇ ਦਰਜ ਕਰਵਾਏ ਗਏ ਹਨ। ਇਸੇ ਤਰ੍ਹਾਂ ਜ਼ਿਲਾ ਲੁਧਿਆਣਾ ਵਿਚ 22 ਟਰੈਕਟਰ-ਟਰਾਲੀਆਂ, 6 ਟਿੱਪਰ ਅਤੇ 2 ਜੇ.ਸੀ.ਬੀ. ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਜਦਕਿ ਐੱਸ.ਬੀ.ਐੱਸ. ਨਗਰ ਵਿਚ 29 ਟਰੈਕਟਰ-ਟਰਾਲੀਆਂ, 40 ਟਿੱਪਰ ਅਤੇ 2 ਜੇ.ਸੀ.ਬੀ. ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ 30 ਟਰੈਕਟਰ-ਟਰਾਲੀਆਂ, 7 ਟਿੱਪਰ/ਟਰੱਕ ਅਤੇ 2 ਜੇ.ਸੀ.ਬੀ. ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 3 ਮਹੀਨਿਆਂ ਵਿਚ ਗੈਰ ਕਾਨੂੰਨੀ ਮਾਈਨਿੰਗ ਵਾਲੇ ਕੁੱਲ 189 ਵਿਅਕਤੀਆਂ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਹ ਅੱਗੋਂ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ


author

Anuradha

Content Editor

Related News