ਪੰਜਾਬ ਸਰਕਾਰ ਵੱਲੋਂ ਬਿਜਲੀ ਸਸਤੀ ਕਰਨ ਦਾ ਫ਼ੈਸਲਾ ਇਤਿਹਾਸਕ : ਸਿੰਗਲਾ

11/01/2021 8:10:33 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਚੰਨੀ ਸਰਕਾਰ ਦੇ ਅਹਿਮ ਫ਼ੈਸਲਿਆਂ ਤੇ ਦੀਵਾਲੀ ਦੇ ਤੋਹਫ਼ਿਆਂ ਦਾ ਸਾਰੇ ਧਰਮਾਂ ਦੇ ਲੋਕਾਂ ਨੇ ਸੰਗਰੂਰ ’ਚ ਇਕੱਤਰ ਹੋ ਕੇ ਸੁਆਗਤ ਕੀਤਾ। ਭਵਾਨੀਗੜ੍ਹ ਅਤੇ ਸੰਗਰੂਰ ’ਚ ਲੋਕਾਂ ਨੇ ਮੁੱਖ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਕਾਨਫਰੰਸ ਲਾਈਵ ਦੇਖੀ ਅਤੇ ਮੌਕੇ ’ਤੇ ਹੀ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਦਰਾਂ ’ਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਦਾ ਐਲਾਨ ਕੀਤਾ ਹੈ। 100 ਯੂਨਿਟ ਤੱਕ 4 ਰੁਪਏ 19 ਪੈਸੇ ਤੋਂ ਘਟਾ ਕੇ 1 ਰੁਪਏ 19 ਪੈਸੇ, 300 ਯੂਨਿਟ ਤੱਕ 7 ਰੁਪਏ ਦੀ ਥਾਂ 4 ਰੁਪਏ ਅਤੇ ਹੋਰ ਸਲੈਬਾਂ ’ਚ ਵੀ ਇਸੇ ਤਰੀਕੇ ਨਾਲ 3 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ ਤੇ ਇਹ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਖਪਤਕਾਰਾਂ ਨੂੰ ਇਹ ਲਾਭ ਦੇਣ ਨਾਲ ਪੰਜਾਬ ਸਰਕਾਰ ’ਤੇ ਹਰ ਸਾਲ 3316 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਹ ਸਹੂਲਤ 07 ਕਿਲੋਵਾਟ ਤੱਕ ਲੋਡ ਵਾਲੇ ਸਿਰਫ ਘਰੇਲੂ ਖਪਤਕਾਰਾਂ ਲਈ ਹੋਵੇਗੀ। ਇਸ ਦੇ ਨਾਲ-ਨਾਲ ਮੁਲਾਜ਼ਮਾਂ ਦੇ ਡੀ. ਏ. ਵਿਚ 11 ਫ਼ੀਸਦੀ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਇਹ ਫ਼ੈਸਲੇ ਇਤਿਹਾਸਕ ਹਨ, ਜਿਨ੍ਹਾਂ ਲਈ ਮੁੱਖ ਮੰਤਰੀ ਚੰਨੀ ਨੂੰ ਸਦਾ ਯਾਦ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : CM ਚੰਨੀ ਵੱਲੋਂ ਸਸਤੀ ਬਿਜਲੀ ਦੇ ਐਲਾਨ ’ਤੇ ਅਕਾਲੀ ਦਲ ਦਾ ਵੱਡਾ ਹਮਲਾ, ਕਿਹਾ-ਜਨਤਾ ਨਾਲ ਕੀਤਾ ਜਾ ਰਿਹੈ ਧੋਖਾ

ਇਨ੍ਹਾਂ ਫ਼ੈਸਲਿਆਂ ਨੂੰ ਲੈ ਕੇ ਹਲਕਾ ਸੰਗਰੂਰ ਦੇ ਲੋਕਾਂ ’ਚ ਅਥਾਹ ਖੁਸ਼ੀ ਪਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਨ੍ਹਾਂ ਫ਼ੈਸਲਿਆਂ ਸਬੰਧੀ ਹਲਕਾ ਸੰਗਰੂਰ ਸਮੇਤ ਸਮੁੱਚੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਕੀਤਾ। ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ 2 ਕਿਲੋਵਾਟ ਵਾਲੇ ਸਾਰੇ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਜਾਣ ਅਤੇ ਹੁਣ ਅਕਾਲੀ ਦਲ-ਭਾਜਪਾ ਦੀ ਤੱਤਕਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤਿਆਂ ’ਚੋਂ ਜੀ. ਵੀ. ਕੇ. ਗੋਇੰਦਵਾਲ ਸਾਹਿਬ ਨਾਲ ਸਮਝੌਤਾ ਰੱਦ ਕੀਤੇ ਜਾਣ ਸਬੰਧੀ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ। ਇਸ ਸਮਝੌਤੇ ਕਾਰਨ ਪੰਜਾਬ ਸਰਕਾਰ ਨੂੰ ਉਦੋਂ ਵੀ 7.52 ਰੁਪਏ ਪ੍ਰਤੀ ਯੂਨਿਟ ਬਿਜਲੀ ਕੰਪਨੀ ਨੂੰ ਦੇਣੇ ਪੈਂਦੇ ਸਨ, ਜਦੋਂ ਥਰਮਲ ਪਲਾਂਟ ’ਚ ਬਿਜਲੀ ਉਤਪਾਤਦਨ ਵੀ ਨਹੀਂ ਹੋ ਰਿਹਾ ਹੁੰਦਾ ਸੀ। ਹੁਣ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਨੂੰ ਜੋ ਟੈਂਡਰ ਪ੍ਰਾਪਤ ਹੋਏ ਹਨ, ਉਸ ਨਾਲ 2.50 ਰੁਪਏ ਪ੍ਰਤੀ ਯੂਨਿਟ ਬਿਜਲੀ ਸੂਰਜੀ ਊਰਜਾ ਉੱਤੇ ਆਧਾਰਿਤ ਪੈਦਾ ਕਰਨ ਨਾਲ ਸਬੰਧਤ ਹਨ।

ਇਨ੍ਹਾਂ ਸਦਕਾ ਜੀ. ਵੀ. ਕੇ. ਗੋਇੰਦਵਾਲ ਸਾਹਿਬ ਵਾਲੇ ਥਰਮਲ ਤੋਂ ਕੋਲੇ ਨਾਲ ਪੈਦਾ ਹੁੰਦੀ ਬਿਜਲੀ ਦੀ ਲੋੜ ਨਹੀਂ ਪਵੇਗੀ। ਸਿੰਗਲਾ ਨੇ ਮੁੱਖ ਮੰਤਰੀ ਵੱਲੋਂ ਆਉਣ ਵਾਲੇ ਸੈਸ਼ਨ ਦੌਰਾਨ ਬਾਕੀ ਬਿਜਲੀ ਘਰਾਂ ਦੇ ਸਮਝੌਤੇ ਵਿਚਾਰੇ ਜਾਣ ਦੇ ਕਦਮ ਨੂੰ ਵੀ ਲੋਕਹਿੱਤ ਵਿਚ ਦੱਸਿਆ। ਪੰਜਾਬ ਕਾਂਗਰਸ ਸਰਕਾਰ ਦੇ ਇਸ ਇਤਿਹਾਸਿਕ  ਫ਼ੈਸਲੇ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਸੰਗਰੂਰ ਹਲਕੇ ਦੇ ਲੋਕਾਂ ਨੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਗ੍ਰਹਿ ਵਿਖੇ ਜਾ ਕੇ ਖੁਸ਼ੀ ਸਾਂਝੀ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਆਮ ਲੋਕਾਂ ਵੱਲੋਂ ਲੱਡੂ ਵੰਡੇ ਗਏ ਤੇ ਪਟਾਕੇ ਵੀ ਚਲਾਏ। ਇਸ ਮੌਕੇ ਬਿੱਟੂ ਖਾਨ ਨੇ ਕਾਂਗਰਸ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਮਹਿੰਗਾਈ ਕਰ ਕੇ ਆਮ ਜਨਤਾ ਦਾ ਲੱਕ ਟੁੱਟ ਰਿਹਾ ਹੈ। ਉਥੇ ਹੀ ਕਾਂਗਰਸ ਸਰਕਾਰ ਵੱਲੋਂ ਆਮ ਜਨਤਾ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਸਰਕਾਰ ਦੇ ਇਸ ਇਤਿਹਾਸਿਕ ਫ਼ੈਸਲੇ ਤੋਂ ਬਾਅਦ ਲੋਕਾਂ ਵੱਲੋਂ 2022 ਦੀਆਂ ਚੋਣਾਂ ’ਚ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਦੀ ਵਚਨਬੱਧਤਾ ਜਤਾਈ। ਰਣਜੀਤ ਸਿੰਘ ਤੂਰ ਅੱਜ ਜੋ ਮੁੱਖ ਮੰਤਰੀ ਚੰਨੀ ਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਵੀ ਕਾਂਗਰਸ ਨੇ ਫ਼ੈਸਲੇ ਲਏ ਨੇ, ਉਸ ਨੂੰ ਸਾਰਾ ਸੰਗਰੂਰ ਦੀਵਾਲੀ ਦਾ ਤੋਹਫ਼ਾ ਮੰਨ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਿਉਹਾਰਾਂ ਦਾ ਆਨੰਦ ਆਮ ਨਾਲੋਂ ਚਾਰ ਗੁਣਾ ਵੱਧ ਹੋ ਗਿਆ। ਹਰੀ ਸਿੰਘ ਫੱਗੂਵਾਲਾ ਨੇ ਵੀ ਖੁਸ਼ੀ ਜਤਾਉਂਦਿਆਂ ਦੱਸਿਆ ਕਿ ਸ਼ਹਿਰ ਦੇ ਲੋਕ ਹੁਣ ਵਿਜੈ ਇੰਦਰ ਸਿੰਗਲਾ ਅਤੇ ਚਰਨਜੀਤ ਚੰਨੀ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਉਹ ਸੰਗਰੂਰ ਆਉਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇ।
 


Manoj

Content Editor

Related News