ਵੱਡੀ ਖ਼ਬਰ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫ਼ਾ

02/03/2024 6:58:07 PM

ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ ਇਹ ਅਸਤੀਫ਼ਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਨੂੰ ਮਨਜ਼ੂਰ ਕੀਤਾ ਜਾਵੇ। ਇਥੇ ਇਹ ਵੀ ਦੱਸ ਦੇਈਏ ਕਿ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੱਲ੍ਹ ਹੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਹੈ। ਪੰਜਾਬ ਦੇ ਗਵਰਨਰ ਵਜੋਂ ਉਨ੍ਹਾਂ ਨੇ 1 ਸਤੰਬਰ 2021 ਨੂੰ ਆਪਣਾ ਅਹੁਦਾ ਸੰਭਾਲਿਆ ਸੀ ਅਤੇ ਅੱਜ 3  ਫਰਵਰੀ 2024 ਨੂੰ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ। 

PunjabKesari

ਕੀ ਲਿਖਿਆ ਅਸਤੀਫ਼ੇ 'ਚ 
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜੇ ਗਏ ਪੱਤਰ ਵਿਚ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ, "ਮੇਰੇ ਨਿੱਜੀ ਕਾਰਨਾਂ ਅਤੇ ਕੁਝ ਹੋਰ ਵਚਨਬੱਧਤਾਵਾਂ ਦੇ ਕਾਰਨ, ਮੈਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।"

ਜ਼ਿਕਰਯੋਗ ਹੈ ਕਿ ਭਾਜਪਾ ਨਾਲ ਲੰਬੇ ਸਮੇਂ ਤੋਂ ਜੁੜੇ ਪੁਰੋਹਿਤ ਨੂੰ 21 ਅਗਸਤ 2021 ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 1 ਸਤੰਬਰ 2021 ਨੂੰ ਆਪਣਾ ਅਹੁਦਾ ਸੰਭਾਲਿਆ ਸੀ। ਉਹ 2 ਸਾਲ 5 ਮਹੀਨੇ 2 ਦਿਨ ਪੰਜਾਬ ਦੇ ਰਾਜਪਾਲ ਰਹੇ ਹਨ। ਇਸ ਤੋਂ ਪਹਿਲਾਂ ਉਹ ਸਾਲ 2017 ਤੋਂ ਲੈ ਕੇ 2021 ਤੱਕ ਤਾਮਿਲਨਾਡੂ ਅਤੇ ਸਾਲ 2016 ਤੋਂ 2017 ਤੱਕ ਆਸਾਮ ਦੇ ਗਵਰਨਰ ਰਹੇ ਹਨ। ਪੁਰੋਹਿਤ ਦਾ ਜਨਮ 16 ਅਪ੍ਰੈਲ 1940 ਨੂੰ ਰਾਜਸਥਾਨ ਦੇ ਨਵਲਗੜ੍ਹ ਵਿਚ ਹੋਇਆ ਸੀ। 

ਇਹ ਵੀ ਪੜ੍ਹੋ:  ਨੂੰਹ ਵੱਲੋਂ ਧੀ ਨੂੰ ਜਨਮ ਦੇਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, ਕੁੱਟਮਾਰ ਕਰ ਕੀਤਾ ਹਾਲੋ-ਬੇਹਾਲ ਤੇ ਕੱਢਿਆ ਘਰੋਂ ਬਾਹਰ

ਪੰਜਾਬ 'ਚ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਰਾਜਪਾਲ ਨੇ ਕਈ ਵਿਵਾਦਾਂ ਨੂੰ ਜਨਮ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅਜਿਹਾ ਟਕਰਾਅ ਹੋਇਆ ਕਿ ਦੋਵਾਂ ਨੂੰ ਆਪਣੇ ਹੱਕਾਂ ਲਈ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਪਈ। 83 ਸਾਲਾ ਬਨਵਾਰੀ ਲਾਲ ਪੁਰੋਹਿਤ ਵੀ ਦੋ ਵਾਰ ਕਾਂਗਰਸ ਅਤੇ ਇਕ ਵਾਰ ਭਾਜਪਾ ਦੀ ਟਿਕਟ ਤੋਂ ਸੰਸਦ ਮੈਂਬਰ ਬਣ ਚੁੱਕੇ ਹਨ। ਉਨ੍ਹਾਂ 1977 'ਚ ਸਿਆਸਤ 'ਚ ਕਦਮ ਰੱਖਿਆ ਸੀ ਅਤੇ ਵਿਦਰਭ ਅੰਦੋਲਨ ਕਮੇਟੀ ਦੀ ਟਿਕਟ 'ਤੇ 1978 'ਚ ਨਾਗਪੁਰ ਤੋਂ ਵਿਧਾਨ ਸਭਾ ਚੋਣ ਜਿੱਤੀ। 1980 'ਚ ਦੱਖਣੀ ਨਾਗਪੁਰ ਤੋਂ ਕਾਂਗਰਸ ਦੇ ਵਿਧਾਇਕ ਬਣੇ। 1984 ਅਤੇ 1989 'ਚ ਉਹ ਕਾਂਗਰਸ ਦੀ ਟਿਕਟ 'ਤੇ ਨਾਗਪੁਰ ਲੋਕ ਸਭਾ ਹਲਕੇ ਤੋਂ ਚੁਣੇ ਗਏ ਸਨ। 1991 'ਚ ਉਹ ਰਾਮ ਮੰਦਰ ਮੁੱਦੇ ਨੂੰ ਲੈ ਕੇ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਨੂੰ 1996 'ਚ ਟਿਕਟ ਦਿੱਤੀ ਅਤੇ ਉਹ ਤੀਜੀ ਵਾਰ ਸੰਸਦ ਮੈਂਬਰ ਬਣੇ।

ਕੈਪਟਨ ਦੀ ਅਗਵਾਈ ਵਾਲੀ ਸਰਕਾਰ 'ਚ ਬਣੇ ਸਨ ਪੁਰੋਹਿਤ ਪੰਜਾਬ ਦੇ ਗਵਰਨਰ 
ਬਨਵਾਰੀ ਲਾਲ ਪੁਰੋਹਿਤ ਜਦੋਂ ਪੰਜਾਬ ਦੇ ਗਵਰਨਰ ਬਣੇ ਸਨ ਤਾਂ ਉਦੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ। ਬਾਅਦ ਵਿਚ ਕੈਪਟਨ ਅਮਰਿੰਦਰ ਿਸੰਘ ਨੇ ਅਸਤੀਫ਼ਾ ਦਿੱਤਾ ਤਾਂ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ। ਇਸ ਦੇ ਬਾਅਦ ਫਰਵਰੀ 2022 ਵਿਚ ਪੰਜਾਬ ਿਵਧਾਨ ਸਭਾ ਚੋਣਾਂ ਹੋਈਆਂ। ਆਮ ਆਦਮੀ ਪਾਰਟੀ ਨੇ ਰਿਕਾਰਡ ਬਹੁਮਤ ਦੇ ਨਾਲ ਜਿੱਤ ਦਰਜ ਕੀਤੀ ਸੀ। ਉਸ ਦੌਰਾਨ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਵਾਈ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

 


shivani attri

Content Editor

Related News