ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ
Friday, Jan 26, 2024 - 08:08 PM (IST)
ਪਟਿਆਲਾ (ਜੋਸਨ) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗਣਤੰਤਰ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਪਟਿਆਲਾ ਵਿਖੇ ਦੇਸ਼ ਦਾ ਕੌਮੀ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਤੇ ਮਹਾਨ ਸੁਤੰਤਰਤਾ ਸੰਗਰਾਮੀਆਂ ਨੂੰ ਨਮਨ ਕਰਦਿਆਂ ਪੰਜਾਬੀਆਂ ਨੂੰ ਨਸ਼ਿਆਂ ਤੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਹੁੰਦਿਆਂ ਸੂਬਾ ਸਰਕਾਰ ਦਾ ਸਾਥ ਦੇਣ ਦਾ ਸੱਦਾ ਦਿੱਤਾ ਹੈ। ਪੁਰੋਹਿਤ ਨੇ ਇੱਥੇ ਰਾਜਾ ਭਲਿੰਦਰਾ ਸਿੰਘ ਖੇਡ ਸਟੇਡੀਅਮ, ਪੋਲੋ ਗਰਾਊਂਡ ਵਿਖੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਸ਼ਾਨਦਾਰ ਪਰੇਡ ਦਾ ਜਾਇਜ਼ਾ ਲਿਆ ਅਤੇ ਬਾਅਦ ਵਿੱਚ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸੂਬਾ ਨਿਵਾਸੀਆਂ ਦੇ ਨਾਮ ਆਪਣੇ ਸੰਦੇਸ਼ ਵਿੱਚ ਪੰਜਾਬ ਦੇ ਰਾਜਪਾਲ ਨੇ ਗਣਤੰਤਰ ਦਿਵਸ ਦੀ ਹਾਰਦਿਕ ਵਧਾਈ ਦਿੰਦਿਆਂ ਇਸ ਦਿਨ ਨੂੰ ਆਪਣੇ ਰਾਸ਼ਟਰ ਤੇ ਆਪਣੀ ਪ੍ਰਭੁਤਾ ਦਾ ਜਸ਼ਨ ਮਨਾਉਣ ਤੇ ਸਨਮਾਨ ਕਰਨ ਦਾ ਦਿਨ ਕਰਾਰ ਦਿੱਤਾ।
ਇਸ ਤੋਂ ਪਹਿਲਾਂ ਰਾਜਪਾਲ ਨੇ ਪਟਿਆਲਾ ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ ਜਾ ਕੇ ਭਾਰਤੀ ਫੌਜ ਦੇ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ, ਡੀ.ਜੀ.ਪੀ. ਗੌਰਵ ਯਾਦਵ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐੱਸ.ਐੱਸ.ਪੀ. ਵਰੁਣ ਸ਼ਰਮਾ ਵੀ ਮੌਜੂਦ ਸਨ। ਬਨਵਾਰੀ ਲਾਲ ਪੁਰੋਹਿਤ ਨੇ ਮਹਾਨ ਦੇਸ਼ ਭਗਤ ਯੋਧਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੱਖਾਂ ਆਜ਼ਾਦੀ ਪਰਵਾਨਿਆਂ ਦੀਆਂ ਭਾਰੀ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲੀ ਤੇ ਇਸ ਗਣਤੰਤਰ ਦਾ ਨਿਰਮਾਣ ਹੋਇਆ। ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਮੇਤ ਬੀ.ਐੱਨ. ਰਾਓ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਵੀ ਆਪਣੀ ਸ਼ਰਧਾ ਭੇਟ ਕਰਦਿਆਂ ਕਿਹਾ ਕਿ ਸਾਨੂੰ ਅੱਜ ਦੇ ਦਿਨ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਵੱਲੋਂ ਵਿਖਾਏ ਰਾਹ 'ਤੇ ਤੁਰਨ ਦਾ ਪ੍ਰਣ ਕਰਨਾ ਚਾਹੀਦਾ ਹੈ।
ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਜਿਵੇਂ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਯੋਗਦਾਨ ਪਾਇਆ, ਉਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸਰਕਾਰ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੀ ਅਲਾਮਤ ਸਾਡੇ ਸਮਾਜ ਨੂੰ ਖੋਖਲਾ ਕਰ ਰਹੀ ਹੈ, ਇਸ ਲਈ ਉਨ੍ਹਾਂ ਨੇ ਖ਼ੁਦ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਵੱਛ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਾ ਸੰਕਲਪ ਲੈਣ 'ਤੇ ਜ਼ੋਰ ਦਿੱਤਾ ਹੈ। ਪੰਜਾਬ ਨੂੰ ਨਸ਼ਿਆਂ ਸਮੇਤ ਸਰਹੱਦ ਪਾਰੋਂ ਦਰਪੇਸ਼ ਕਈ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪੁਰੋਹਿਤ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਡੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਾਮਬੰਦ ਹੋ ਕੇ ਨਸ਼ਿਆਂ ਵਿਰੁੱਧ ਵਿੱਢੀ ਲੜਾਈ 'ਚ ਸੂਬਾ ਸਰਕਾਰ ਦਾ ਸਾਥ ਦੇਣ।
ਰਾਜਪਾਲ ਨੇ ਕਿਹਾ ਕਿ ਉਹ ਪੰਜਾਬੀਆਂ ਦੇ ਸਿਦਕ ਤੇ ਸਿਰੜ ਦੇ ਕਾਇਲ ਹਨ, ਕਿਉਂਕਿ ਪੰਜਾਬੀ ਇੱਕ ਵਾਰ ਜੇ ਕੁਝ ਕਰਨ ਦੀ ਠਾਣ ਲੈਂਦੇ ਹਨ ਤਾਂ ਉਸਨੂੰ ਪੂਰਾ ਕਰਕੇ ਦਮ ਲੈਂਦੇ ਹਨ। ਇਸ ਤੋਂ ਬਾਅਦ ਉਨ੍ਹਾਂ 'ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ਓਏ' ਦਾ ਜ਼ਿਕਰ ਕਰਦਿਆਂ ਸੱਦਾ ਦਿੱਤਾ ਕਿ ਸੂਬਾ ਨਿਵਾਸੀ ਪੰਜਾਬ ਦੀ ਉੱਨਤੀ, ਵਿਕਾਸ ਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਪਟਿਆਲਾ ਸ਼ਹਿਰ ਦੀ ਵਿਸ਼ੇਸ਼ ਪ੍ਰਸ਼ੰਸਾ ਕਰਦਿਆਂ ਰਾਜਪਾਲ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਇਸ ਦੇ ਅਖੰਡ ਭਾਰਤ ਦਾ ਹਿੱਸਾ ਬਣੇ ਰਹਿਣ ਸਮੇਤ ਪੈਪਸੂ ਦੇ ਗਠਨ ਸਮੇਂ ਸਰਦਾਰ ਵੱਲਭ ਭਾਈ ਪਟੇਲ ਦੇ ਇਨ੍ਹਾਂ ਸ਼ਬਦਾਂ ਕਿ 'ਜੇਕਰ ਉਨ੍ਹਾਂ ਨੂੰ ਦੁਬਾਰਾ ਜਨਮ ਲੈਣ ਦਾ ਮੌਕਾ ਮਿਲੇ ਤਾਂ ਉਹ ਇੱਥੇ ਹੀ ਜਨਮ ਲੈਣਾ ਚਾਹੁਣਗੇ', ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ 'ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀਂਦਾ ਪਟਿਆਲਾ' ਆਖਦਿਆਂ ਪਿਛਲੇ ਸਾਲ ਆਏ ਹੜ੍ਹਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਕੀਤੇ ਯਤਨਾਂ ਤੇ ਲੋਕਾਂ ਵੱਲੋਂ ਦਿਖਾਏ ਹੌਂਸਲੇ ਦੀ ਵੀ ਵਿਸ਼ੇਸ਼ ਪ੍ਰਸ਼ੰਸਾ ਕੀਤੀ।
ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਰਾਸ਼ਟਰ ਦੇ ਵਿਕਾਸ ਲਈ ਯੋਗਦਾਨ ਪਾਉਣ ਵਾਸਤੇ ਸਮਾਨ ਅਧਿਕਾਰ ਦਿੱਤੇ ਹਨ ਪਰੰਤੂ ਅਧਿਕਾਰ ਤੇ ਕਰਤੱਵ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ, ਇਸ ਲਈ ਸਾਨੂੰ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦਾ ਵੀ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਦੇਸ਼ ਦੀ ਤਰੱਕੀ ਲਈ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣ ਤੇ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ 'ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਰਾਜਪਾਲ ਨੇ ਆਜ਼ਾਦੀ ਘੁਲਾਟੀਏ ਸ. ਅਵਤਾਰ ਸਿੰਘ ਸਮੇਤ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਐਸੋਸੀਏਸ਼ਨ 234 ਤੇ 196 ਦੇ ਨੁਮਾਇੰਦਿਆਂ ਤੇ ਪਰਿਵਾਰਾਂ ਸਮੇਤ ਜੰਗੀ ਸ਼ਹੀਦਾਂ ਦੀਆਂ ਵੀਰ ਨਾਰੀਆਂ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ। ਉਨ੍ਹਾਂ ਨੇ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਤ ਉਘੇ ਰੰਗਕਰਮੀ ਸ੍ਰੀ ਪ੍ਰਾਣ ਸੱਭਰਵਾਲ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ।
ਇਸ ਮੌਕੇ ਵਾਣੀ ਸਕੂਲ, ਪਟਿਆਲਾ ਸਕੂਲ ਫਾਰ ਦੀ ਡੈੱਫ਼ ਸੈਫਦੀਪੁਰ ਤੇ ਪਟਿਆਲਾ ਐਸੋਸੀਏਸ਼ਨ ਆਫ਼ ਡੈੱਫ ਦੇ ਵਿਦਿਆਰਥੀਆਂ ਨੇ ਗੁਬਾਰੇ ਛੱਡੇ ਤੇ ਰਾਸ਼ਟਰ ਗਾਨ ਸੰਕੇਤ ਭਾਸ਼ਾ 'ਚ ਗਾਇਆ। ਸਮਾਰੋਹ ਮੌਕੇ ਐੱਮ.ਪੀ. ਪ੍ਰਨੀਤ ਕੌਰ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਗੁਰਦੇਵ ਸਿੰਘ ਦੇਵ ਮਾਨ ਤੇ ਗੁਰਲਾਲ ਘਨੌਰ ਸਮੇਤ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ, ਡਵੀਜ਼ਨ ਕਮਿਸ਼ਨਰ ਦਲਜੀਤ ਸਿੰਘ ਮਾਂਗਟ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਭੁਪਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰੁਪਿੰਦਰਜੀਤ ਚਾਹਲ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਪ੍ਰੀਤੀ ਮਲਹੋਤਰਾ, ਹਰਜਸ਼ਨ ਸਿੰਘ ਪਠਾਣਮਾਜਰਾ, ਵਾਇਸ ਚਾਂਸਲਰ ਪ੍ਰੋ. ਅਰਵਿੰਦ ਤੇ ਜੇ.ਐੱਸ. ਚੀਮਾ, ਪਦਮ ਸ੍ਰੀ ਜਗਜੀਤ ਸਿੰਘ ਦਰਦੀ ਤੇ ਡਾ. ਆਰ.ਐੱਲ. ਮਿੱਤਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸ.ਐੱਸ.ਪੀ. ਵਰੁਣ ਸ਼ਰਮਾ, ਏ.ਡੀ.ਸੀਜ਼ ਅਨੁਪ੍ਰਿਤਾ ਜੌਹਲ, ਨਵਰੀਤ ਕੌਰ ਸੇਖੋਂ, ਐੱਸ.ਡੀ.ਐੱਮ ਡਾ. ਇਸਮਤ ਵਿਜੇ ਸਿੰਘ, ਜੀਵਨਜੋਤ ਕੌਰ, ਦੀਪਜੋਤ ਕੌਰ, ਕੰਨੂ ਗਰਗ, ਨਮਨ ਮਾਰਕੰਨ, ਬਬਨਦੀਪ ਸਿੰਘ ਵਾਲੀਆ ਸਮੇਤ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ, ਪਟਿਆਲਾ ਵਾਸੀ, ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8