ਕੈਪਟਨ ਸਰਕਾਰ ਪੰਜਾਬ ''ਚ ਮਾਫੀਆ ਰਾਜ ਨੂੰ ਰੋਕਣ ''ਚ ਨਾਕਾਮ ਰਹੀ : ਬਰਿੰਦਰ ਢਿੱਲੋਂ

Friday, Aug 21, 2020 - 11:33 AM (IST)

ਕੈਪਟਨ ਸਰਕਾਰ ਪੰਜਾਬ ''ਚ ਮਾਫੀਆ ਰਾਜ ਨੂੰ ਰੋਕਣ ''ਚ ਨਾਕਾਮ ਰਹੀ : ਬਰਿੰਦਰ ਢਿੱਲੋਂ

ਜਲੰਧਰ (ਚੋਪੜਾ)— ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਮੰਨਿਆ ਕਿ ਕੈਪਟਨ ਸਰਕਾਰ ਪੰਜਾਬ 'ਚ ਮਾਫੀਆ ਰਾਜ 'ਤੇ ਰੋਕ ਲਾਉਣ 'ਚ ਨਾਕਾਮ ਰਹੀ ਹੈ। ਜੇ ਸਮਾਂ ਰਹਿੰਦਿਆਂ ਸੂਬੇ 'ਚ ਚੱਲ ਰਹੇ ਰੇਤ, ਸ਼ਰਾਬ, ਟਰਾਂਸਪੋਰਟ, ਕੇਬਲ ਮਾਫੀਆ 'ਤੇ ਕਾਰਵਾਈ ਨਾ ਕੀਤੀ ਗਈ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ 'ਚ ਨਾ ਸੁੱਟਿਆ ਗਿਆ ਤਾਂ ਕਾਂਗਰਸ ਨੂੰ ਇਸ ਦਾ ਖਮਿਆਜ਼ਾ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਦੀ ਕਚਹਿਰੀ 'ਚ ਭੁਗਤਨਾ ਪਵੇਗਾ। ਢਿੱਲੋਂ ਨੇ ਕਿਹਾ ਕਿ ਅਜੇ ਪੰਜਾਬ ਸਰਕਾਰ ਦਾ ਡੇਢ ਸਾਲ ਦਾ ਕਾਰਜਕਾਲ ਬਾਕੀ ਹੈ ਅਤੇ ਮੈਨੂੰ ਉਮੀਦ ਹੈ ਕਿ ਕੈਪਟਨ ਸਰਕਾਰ ਸੂਬੇ 'ਚੋਂ ਮਾਫੀਆ ਰਾਜ ਦਾ ਖਾਤਮਾ ਕਰਕੇ ਬਹਿਬਲ ਕਲਾਂ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਢਿੱਲੋਂ ਨੇ ਕਿਹਾ ਕਿ ਪੰਜਾਬ 'ਚ ਇੰਨੇ ਵੱਡੇ ਪੱਧਰ 'ਤੇ ਨਕਲੀ ਸ਼ਰਾਬ ਮਿਲਣੀ ਚਿੰਤਾਜਨਕ ਹੈ, ਜਿਸ ਲਈ ਐਕਸਾਈਜ਼ ਮਹਿਕਮਾ ਅਤੇ ਪੁਲਸ ਅਧਿਕਾਰੀਆਂ ਦੀ ਜਵਾਬਦੇਹੀ ਜ਼ਰੂਰ ਹੋਣੀ ਚਾਹੀਦੀ ਹੈ। ਯੂਥ ਕਾਂਗਰਸ ਤਾਂ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਂਡ 'ਚ ਮਾਰੇ ਗਏ ਲੋਕਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਵੀ ਹੱਕ 'ਚ ਨਹੀਂ ਸੀ ਕਿਉਂਕਿ ਇਸ ਨਾਲ ਗਲਤ ਸੁਨੇਹਾ ਗਿਆ ਹੈ।

ਇਹ ਵੀ ਪੜ੍ਹੋ: ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਚਾਹੀਦਾ ਸੀ ਕਿ ਉਹ ਰਾਜਪਾਲ ਕੋਲ ਜਾਣ ਦੀ ਬਜਾਏ ਆਪਣੀ ਗੱਲ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਪਾਰਟੀ ਫੋਰਮ 'ਤੇ ਰੱਖਦੇ। ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਵਿਧਾਇਕਾਂ ਦੇ ਬਣਾਏ ਮੁੱਖ ਮੰਤਰੀ ਅਤੇ ਰਾਹੁਲ ਦੇ ਬਣਾਏ ਪ੍ਰਧਾਨ ਹਨ, ਅਜਿਹੇ 'ਚ ਬਾਜਵਾ ਅਤੇ ਦੂਲੋਂ ਚਿੱਕੜ ਸੁੱਟ ਕੇ ਪਾਰਟੀ ਦਾ ਅਕਸ ਖਰਾਬ ਨਾ ਕਰਨ। ਵਿਰੋਧੀ ਕਾਂਗਰਸ ਦੀ ਗੁੱਟਬਾਜ਼ੀ ਦਾ ਫਾਇਦਾ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਨਜ਼ਰਅੰਦਾਜ਼ ਕਰਕੇ ਅਗਲੀਆਂ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ। ਯੂਥ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਨੌਜਵਾਨ ਕਾਰਕੁੰਨ ਉਨ੍ਹਾਂ ਦੀ ਇਜਾਜ਼ਤ ਲੈ ਕੇ ਹੀ ਪਿਛਲੇ ਦਿਨੀਂ ਦੂਲੋਂ ਦੇ ਘਰ ਗਏ ਸਨ। ਉਨ੍ਹਾਂ ਦਾ ਮਕਸਦ ਦੂਲੋਂ ਨੂੰ ਇਹ ਕਹਿਣਾ ਸੀ ਕਿ ਉਹ ਪਾਰਟੀ ਦਾ ਅਕਸ ਖਰਾਬ ਨਾ ਕਰਨ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੇ ਕੋਈ ਮਰਯਾਦਾ ਅਤੇ ਅਨੁਸ਼ਾਸਨ ਭੰਗ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ

ਢਿੱਲੋਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜਦ ਸੱਤਾ ਸੰਭਾਲੀ ਸੀ ਤਾਂ ਪੰਜਾਬ ਦਾ ਖਜ਼ਾਨਾ ਖਾਲੀ ਸੀ। ਉਦੋਂ ਸਰਕਾਰ ਦੀ ਪਹਿਲ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ, ਕਿਸਾਨੀ ਨੂੰ ਬਚਾਉਣ ਅਤੇ ਬੇਰੋਜ਼ਗਾਰੀ ਨੂੰ ਦੂਰ ਕਰਨ ਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ 4 ਲੱਖ ਨੌਜਵਾਨਾਂ ਨੇ ਨਸ਼ੇ ਛੱਡਣ ਲਈ ਖੁਦ ਨੂੰ ਡੈਪੋਂ ਸੈਂਟਰਾਂ 'ਚ ਰਜਿਸਟਰਡ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਨਸ਼ੇ ਦੀ ਡਿਮਾਂਡ ਵਧੀ ਹੈ ਪਰ ਨਸ਼ਿਆਂ ਦੀ ਸਪਲਾਈ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਦਲ ਰੋਜ਼ਗਾਰ ਮੇਲਿਆਂ 'ਤੇ ਸਵਾਲ ਚੁੱਕਦੇ ਹਨ ਪਰ ਪੰਜਾਬ ਸਰਕਾਰ 30 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਅਗਲੇ ਡੇਢ ਸਾਲ 'ਚ 1.50 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਆਉਣ ਵਾਲੇ ਮਹੀਨਿਆਂ 'ਚ ਮੁਹਿੰਮ ਸ਼ੁਰੂ ਕਰਕੇ ਇੰਪਲਾਇਮੈਂਟ ਬਿਊਰੋ ਰਾਹੀਂ ਹਰੇਕ ਬਲਾਕ ਦੇ 150-150 ਨੌਜਵਾਨਾਂ ਨੂੰ ਨੌਕਰੀਆਂ ਦਿਵਾਏਗੀ।

ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਬਰਗਾੜੀ ਕਾਂਡ ਅਤੇ ਐੱਸ. ਵਾਈ. ਐੱਲ. ਮੁੱਦੇ 'ਤੇ ਬਲਾਕ ਅਤੇ ਪਿੰਡ ਪੱਧਰ 'ਤੇ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਪੰਜਾਬ ਦੀ ਤਤਕਾਲੀ ਬਾਦਲ ਸਰਕਾਰ ਅਤੇ ਅਕਾਲੀ ਦਲ ਦੀਆਂ ਕਾਰਗੁਜ਼ਾਰੀਆਂ ਦਾ ਕੱਚਾ ਚਿੱਠਾ ਉਨ੍ਹਾਂ ਦੇ ਸਾਹਮਣੇ ਖੋਲ੍ਹੇਗੀ। ਇਸ ਮੌਕੇ 'ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਉਦੈਵੀਰ ਢਿੱਲੋਂ, ਸੂਬਾ ਸਕੱਤਰ ਨਵਮਾਨ ਅਤੇ ਮਨੋਜਤ ਸਿੰਘ, ਜ਼ਿਲਾ ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ, ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ, ਜ਼ਿਲਾ ਯੂਥ ਕਾਂਗਰਸ ਦੇ ਉੱਪ ਪ੍ਰਧਾਨ ਦੀਪਕ ਖੋਸਲਾ, ਕੁਣਾਲ ਸ਼ਰਮਾ, ਰਣਦੀਪ ਸੰਧੂ, ਬੌਬ ਮਲਹੋਤਰਾ, ਈਸ਼ੂ ਕਾਲੜਾ, ਅਭੀ ਮਖੀਜਾ, ਅਭਿਸ਼ੇਕ ਜੈਨ, ਆਸ਼ੀਸ਼ ਠਾਕੁਰ ਅਤੇ ਹੋਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ : ਉੱਤਰੀ ਜ਼ੋਨ 'ਚ ਤੀਜੀ ਵਾਰ ਟਾਪਰ ਬਣਿਆ ਪੰਜਾਬ


author

shivani attri

Content Editor

Related News