ਟੀ. ਬੀ. ਦੇ ਮਰੀਜ਼ਾਂ ਨੂੰ ਮੁਫਤ ਇਲਾਜ ਦੇ ਨਾਲ-ਨਾਲ ਪੌਸ਼ਟਿਕ ਆਹਾਰੀ ਤੱਤ ਵੀ ਦੇਵੇਗੀ ਪੰਜਾਬ ਸਰਕਾਰ

09/15/2017 11:26:20 AM

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਸਾਲ 2025 ਤੱਕ ਸੂਬੇ ਵਿਚ ਟੀ. ਬੀ. ਦਾ ਮੁਕੰਮਲ ਤੌਰ 'ਤੇ ਖਾਤਮਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਟੀਚੇ ਨੂੰ ਸਰ ਕਰਨ ਲਈ ਪੰਜਾਬ ਸਰਕਾਰ ਨੇ ਸਿਧਾਂਤਕ ਤੌਰ 'ਤੇ ਇਹ ਫੈਸਲਾ ਲਿਆ ਹੈ ਕਿ ਮਲਟੀ ਡਰੱਗ ਰਜਿਸਟੈਂਸ (ਐੱਮ. ਡੀ. ਆਰ.) ਟੀ. ਬੀ. ਦੇ ਮਰੀਜ਼ਾਂ ਨੂੰ ਪੌਸ਼ਟਿਕ ਆਹਾਰੀ ਤੱਤ ਮੁਫਤ ਸਰਕਾਰੀ ਖਜ਼ਾਨੇ ਵਿਚੋਂ ਦਿੱਤੇ ਜਾਇਆ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਵੱਲੋਂ ਸੂਬੇ ਦੀ ਸਾਰੀ ਵਸੋਂ ਲਈ ਟੀ. ਬੀ. ਦੀ ਜਾਂਚ ਅਤੇ ਇਲਾਜ ਪਹਿਲਾਂ ਹੀ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਖੁਲਾਸਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਇੱਥੇ ਆਰ. ਐੱਨ. ਟੀ. ਸੀ. ਪੀ. ਦੀ ਨੈਸ਼ਨਲ ਰੀਵਿਊ ਮੀਟਿੰਗ ਦੇ ਉਦਘਾਟਨ ਦੌਰਾਨ ਕੀਤਾ। ਇਸ ਕੌਮੀ ਪੱਧਰ ਦੀ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਜੋ ਕਿ ਕੇਂਦਰੀ ਟੀ. ਬੀ. ਡਵੀਜ਼ਨ (ਸੀ. ਟੀ. ਡੀ.), ਕੌਮੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਵਿਸ਼ਵ ਸਿਹਤ ਸੰਸਥਾ, ਭਾਰਤ ਵੱਲੋਂ ਆਯੋਜਿਤ ਕੀਤੀ ਗਈ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰ. ਐੱਨ. ਟੀ. ਸੀ. ਪੀ. ਪ੍ਰੋਗਰਾਮ ਚਲਾਉਣ ਲਈ ਪਹਿਲਾਂ ਹੀ ਵੱਡੇ ਪੱਧਰ 'ਤੇ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਸਰਕਾਰ ਨੇ ਹੁਣ 2025 ਤੱਕ ਸੂਬੇ ਵਿਚੋਂ ਟੀ. ਬੀ. ਦੇ ਮੁਕੰਮਲ ਖਾਤਮੇ ਦਾ ਟੀਚਾ ਮਿੱਥਿਆ ਹੈ। ਇਸ ਮੌਕੇ ਸਿਹਤ ਮੰਤਰੀ ਨੇ ਇਕ ਆਡੀਓ ਵਿਜ਼ੂਅਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਜੋ ਕਿ ਸੂਬੇ ਦੇ ਸਮੂਹ 22 ਜ਼ਿਲਿਆਂ ਵਿਚ ਟੀ. ਬੀ. ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ।


Related News