ਪੰਜਾਬ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦੇਗੀ : ਉਦੇਵੀਰ ਰੰਧਾਵਾ
Wednesday, Apr 14, 2021 - 05:51 PM (IST)
ਡੇਰਾ ਬਾਬਾ ਨਾਨਕ (ਵਤਨ)-ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੇਵੀਰ ਸਿੰਘ ਰੰਧਾਵਾ ਵਲੋਂ ਅੱਜ ਸਥਾਨਕ ਦਾਣਾ ਮੰਡੀ ਵਿਖੇ ਕਣਕ ਦੀ ਖਰੀਦ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਓਮ ਪ੍ਰਕਾਸ਼ ਚੱਠਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਦੇਵੀਰ ਸਿੰਘ ਰੰਧਾਵਾ ਅਤੇ ਸਕੱਤਰ ਓਮ ਪ੍ਰਕਾਸ਼ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਕੋਵਿਡ 19 ਕਾਰਨ ਕਿਸਾਨਾਂ ਲਈ ਅਨਾਜ ਮੰਡੀਆਂ ’ਚ ਵਿਸੇਸ਼ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਮੰਡੀਆਂ ਵਿਚ ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਵਾਲੇ ਪ੍ਰਬੰਧ ਵੀ ਕੀਤੇ ਗਏ ਹਨ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਅਪਣਾਏ ਗਏ ਮਾਪਦੰਡਾਂ ’ਚ ਸਹਿਯੋਗ ਦੇ ਕੇ ਉਹ ਆਪਣੀ ਫਸਲ ਮੰਡੀ ’ਚ ਲੈ ਕੇ ਆਉਣ । ਪੰਜਾਬ ਸਰਕਾਰ ਕਿਸਾਨਾਂ ਦਾ ਇਕ-ਇਕ ਦਾਨਾ ਖਰੀਦੇਗੀ । ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਨੂੰ ਮਾਰਕਫੈੱਡ, ਪਨਗ੍ਰੇਨ ਅਤੇ ਪਨਸਪ ਖਰੀਦ ਅਦਾਰਿਆਂ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਅੱਜ ਆੜ੍ਹਤੀਆਂ ਰਾਹੀਂ ਮਾਰਕਫੈੱਡ ਖਰੀਦ ਏਜੰਸੀ ਵਲੋਂ ਕਣਕ ਦੀ ਖਰੀਦ ਹੋਈ ਹੈ। ਕਿਸਾਨਾਂ ਅਤੇ ਆੜ੍ਹਤੀ ਭਾਚੀਚਾਰੇ ਵਲੋਂ ਰੰਧਾਵਾ, ਸਕੱਤਰ ਓਮ ਪ੍ਰਕਾਸ਼ ਚੱਠਾ ਅਤੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਜਗੀਰ ਸਿੰਘ, ਸੱਜਣ ਸਿੰਘ ਖਲੀਲਪੁਰ, ਰਣਜੀਤ ਸਿੰਘ, ਨੀਰਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।