ਪੰਜਾਬ ਸਰਕਾਰ ਨੇ ਕੋਵਿਡ-19 ਨਾਲ ਨਜਿੱਠਣ ਲਈ ਇਜ਼ਰਾਈਲ ਤੋਂ ਮੰਗੀ ਤਕਨੀਕੀ ਸਹਾਇਤਾ
Saturday, May 02, 2020 - 02:32 PM (IST)
![ਪੰਜਾਬ ਸਰਕਾਰ ਨੇ ਕੋਵਿਡ-19 ਨਾਲ ਨਜਿੱਠਣ ਲਈ ਇਜ਼ਰਾਈਲ ਤੋਂ ਮੰਗੀ ਤਕਨੀਕੀ ਸਹਾਇਤਾ](https://static.jagbani.com/multimedia/2020_5image_14_31_181681247covid.jpg)
ਚੰਡੀਗੜ੍ਹ (ਅਸ਼ਵਨੀ)- ਕੋਵਿਡ-19 ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਸਬੰਧੀ ਯਤਨਾਂ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਨੇ ਇਜ਼ਰਾਈਲ ਤੋਂ ਤਕਨੀਕੀ ਸਹਾਇਤਾ ਅਤੇ ਮੁਹਾਰਤ ਦੀ ਮੰਗ ਕੀਤੀ ਹੈ ਤਾਂ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਕੋਵਿਡ -19 ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਇਜ਼ਰਾਈਲ ਨੇ ਇਸ ਨੂੰ ਘਟਾਉਣ ਅਤੇ ਪ੍ਰਭਾਵੀ ਢੰਗ ਨਾਲ ਠੱਲ੍ਹ ਪਾਉਣ ਲਈ ਕਈ ਤਕਨੀਕੀ ਉਪਕਰਨ ਤਿਆਰ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 'ਇਨਵੈਸਟ ਪੰਜਾਬ' ਨੇ ਇਸ ਸਬੰਧੀ ਭਾਰਤ 'ਚ ਇਜ਼ਰਾਈਲ ਦੇ ਦੂਤਘਰ ਨਾਲ ਇਕ ਵਿਸ਼ੇਸ਼ ਵੈਬੀਨਾਰ ਰਾਹੀਂ ਤਾਲਮੇਲ ਕੀਤਾ, ਜੋ ਕਿ ਇਜ਼ਰਾਈਲ ਦੇ ਕੋਵਿਡ -19 ਸਬੰਧੀ ਪ੍ਰਬੰਧਨ ਲਈ ਕੀਤੀ ਤਕਨੀਕੀ ਤਰੱਕੀ 'ਤੇ ਆਧਾਰਿਤ ਸੀ। ਵੈਬੀਨਾਰ ਦੌਰਾਨ ਕਈ ਤਕਨੀਕੀ ਉਪਕਰਨਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ : ਕੇਂਦਰ ਪੰਜਾਬ ਨਾਲ ਵਿਤਕਰੇਬਾਜ਼ੀ ਬੰਦ ਕਰਕੇ ਸੂਬੇ ਨੂੰ ਦੇਵੇ ਆਰਥਿਕ ਪੈਕੇਜ : ਜਾਖੜ
ਇਹ ਇਕ ਇਕ ਮਹੱਤਵਪੂਰਨ ਤਕਨੀਕੀ ਉਪਕਰਨ ਹੈ ਜੋ ਨਾ ਕੇਵਲ ਨਾਗਰਿਕਾਂ ਨੂੰ ਸਹੀ ਤੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਦਾ ਹੈ, ਸਗੋਂ ਰਾਜ ਸਰਕਾਰ ਨੂੰ ਡਾਟਾ ਅਤੇ ਮੌਜੂਦਾ ਰੁਝਾਨਾਂ ਦੀ ਸਹਾਇਤਾ ਨਾਲ ਪ੍ਰਭਾਵਸ਼ਾਲੀ ਨੀਤੀ ਤਿਆਰ ਕਰਨ ਵਿਚ ਸਹਾਇਤਾ ਕਰਦਾ ਹੈ। ਪੰਜਾਬ ਸਰਕਾਰ ਕੋਵਿਡ-19 ਮਹਾਮਾਰੀ ਵਿਰੁੱਧ ਉਸ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਇਜ਼ਰਾਈਲ ਵਲੋਂ ਵਰਤੀਆਂ ਤਕਨੀਕੀ ਵਿਧੀਆਂ ਅਤੇ ਇਸ ਦੇ ਸੰਭਾਵਿਤ ਲਾਭਾਂ ਦਾ ਮੁਲਾਂਕਣ ਕਰੇਗੀ।
ਅਸੀਂ ਕੋਵਿਡ-19 ਖਿਲਾਫ਼ ਜੰਗ ਲੜ ਰਹੇ ਹਾਂ, ਇਹ ਸਮਾਂ ਸਿਆਸੀ ਲਾਹਾ ਲੈਣ ਦਾ ਨਹੀਂ : ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਪਾਰਟੀਆਂ ਨੂੰ ਤੰਗਦਿਲ ਰਾਜਨੀਤੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ 'ਚ ਕੋਵਿਡ-19 ਮਹਾਮਾਰੀ ਬਾਰੇ ਗਲਤ ਜਾਣਕਾਰੀ ਫੈਲਾਅ ਕੇ ਲੋਕਾਂ 'ਚ ਘਬਰਾਹਟ ਦਾ ਮਾਹੌਲ ਨਾ ਪੈਦਾ ਕਰਨ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਇਸ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਨਾਲ ਇਕਜੁੱਟ ਹੋ ਕੇ ਕੰਮ ਕਰਨ ਦੀ ਵੀ ਅਪੀਲ ਕੀਤੀ। ਪੰਜਾਬ ਦੇ ਲੋਕਾਂ ਦੇ ਨਾਂ ਟੈਲੀਵੀਜ਼ਨ ਸੰਦੇਸ਼ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਕੋਵਿਡ-19 ਸੰਕਟ ਬਾਰੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਗਲਤ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਸਾਹਮਣੇ ਆਏ ਕੇਸਾਂ 'ਚੋਂ ਬਹੁਤੇ ਉਹ ਹਨ, ਜਿਹੜੇ ਦੂਜੇ ਸੂਬਿਆਂ ਤੋਂ ਆਏ ਹਨ। ਨਵੇਂ ਕੇਸਾਂ ਬਾਰੇ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ 7 ਕੇਸ ਸਥਾਨਕ ਸਾਹਮਣੇ ਆਏ ਹਨ ਜਦੋਂ ਕਿ 93 ਕੇਸ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਦੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਅਚਾਨਕ ਵਧੇ ਕੇਸਾਂ ਬਾਰੇ ਚਿੰਤਤ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ 'ਚੋਂ ਦੂਜੇ ਸੂਬਿਆਂ ਤੋਂ ਹੋਰ ਲੋਕਾਂ ਦੇ ਆਪਣੇ ਘਰ ਆਉਣ ਨਾਲ ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਫੈਸਲਾ ਕਰਦਿਆਂ ਫਸੇ ਹੋਏ ਲੋਕਾਂ ਨੂੰ ਆਪਣੇ ਘਰ ਜਾਣ ਦੀ ਆਗਿਆ ਦਿੱਤੀ ਹੈ।
ਇਹ ਵੀ ਪੜ੍ਹੋ : ਬਾਬਾ ਬਕਾਲਾ 'ਚ 6 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਗਿਣਤੀ 22 ਤੱਕ ਪੁੱਜੀ