ਪੰਜਾਬ ਦੇ 'ਸਰਕਾਰੀ ਸਕੂਲਾਂ' ਦੀ ਬਦਲੀ ਨੁਹਾਰ ਰੰਗ ਦਿਖਾਉਣ ਲੱਗੀ, ਵਿਦਿਆਰਥੀ ਦੀ ਗਿਣਤੀ 'ਚ ਚੋਖਾ ਵਾਧਾ

Wednesday, May 05, 2021 - 02:15 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਵੱਲੋਂ ਪਿਛਲੇ ਕੁੱਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਬਦੌਲਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ’ਚ ਵਿਦਿਆਰਥੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਲੋਕਾਂ ਦੇ ਸਰਕਾਰੀ ਸਕੂਲਾਂ ਵਿਚ ਵੱਧ ਰਹੇ ਵਿਸ਼ਵਾਸ ਦੀ ਵੱਡੀ ਮਿਸਾਲ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸਰਪ੍ਰਸਤੀ ’ਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਹਫ਼ਤਾਵਾਰੀ ਮੀਟਿੰਗ ’ਚ ਨਵੇਂ ਦਾਖ਼ਲਿਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਜਰਨੈਲ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਬਲਜਿੰਦਰ ਸਿੰਘ ਨਾਲ ਵਿਸਥਾਰ ’ਚ ਵਿਚਾਰ-ਚਰਚਾ ਕੀਤੀ ਗਈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ Twitter ਨੂੰ ਹਥਿਆਰ ਬਣਾ ਕੀਤਾ ਵੱਡਾ ਧਮਾਕਾ, ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ

ਤਾਜ਼ਾ ਅੰਕੜਿਆਂ ਅਨੁਸਾਰ ਨਵੇਂ ਸ਼ੁਰੂ ਹੋਏ ਵਿੱਦਿਅਕ ਸੈਸ਼ਨ 2021 ਦੇ ਪਹਿਲੇ ਮਹੀਨੇ ਦੌਰਾਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪਹਿਲੀ ਤੋਂ 12ਵੀਂ ਜਮਾਤ ਤੱਕ 98809 ਵਿਦਿਆਰਥੀ ਦਾਖ਼ਲ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ 90970 ਸੀ। ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲਾਂ ’ਚ ਪਿਛਲੇ ਵਰ੍ਹੇ 48873 ਵਿਦਿਆਰਥੀ ਦਾਖ਼ਲ ਹੋਏ ਸਨ ਅਤੇ ਇਸ ਵਾਰ 53811 ਬੱਚੇ ਦਾਖ਼ਲ ਹੋ ਚੁੱਕੇ ਹਨ। ਇਸ ਤਰ੍ਹਾਂ ਸੈਕੰਡਰੀ ਵਿੰਗ ’ਚ ਵਿਦਿਆਰਥੀਆਂ ਦਾ ਵਾਧਾ 10.10 ਫ਼ੀਸਦੀ ਹੋ ਚੁੱਕਿਆ ਹੈ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪਿਛਲੇ ਸੈਸ਼ਨ ’ਚ 41619 ਬੱਚੇ ਪੜ੍ਹਦੇ ਸਨ ਅਤੇ ਇਸ ਵਾਰ 45293 ਵਿਦਿਆਰਥੀ ਦਾਖ਼ਲ ਹੋ ਚੁੱਕੇ ਹਨ। ਇਸ ਤਰ੍ਹਾਂ ਪ੍ਰਾਇਮਰੀ ਵਿੰਗ ’ਚ 8.83 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪ੍ਰੀ-ਪ੍ਰਾਇਮਰੀ ਜਮਾਤਾਂ ’ਚ ਵੀ ਪਿਛਲੇ ਸ਼ੈਸਨ ਨਾਲੋਂ ਵਧੇਰੇ ਬੱਚੇ ਦਾਖ਼ਲ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਲਈ ਬੁਰੀ ਖ਼ਬਰ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ 'ਸੁਖਜਿੰਦਰ ਸ਼ੇਰਾ' ਦੀ ਮੌਤ

ਸਮੁੱਚੇ ਰੂਪ ’ਚ ਜੇਕਰ ਨਜ਼ਰ ਮਾਰੀ ਜਾਵੇ ਤਾਂ ਸੈਕੰਡਰੀ ਵਰਗ ਵਿਚ ਜ਼ਿਲ੍ਹੇ ਦਾ ਖਰੜ-3 ਬਲਾਕ 11.42 ਫ਼ੀਸਦੀ ਵਾਧੇ ਨਾਲ ਪਹਿਲੇ, ਡੇਰਾਬੱਸੀ-1 ਬਲਾਕ 11.62 ਫ਼ੀਸਦੀ ਵਾਧੇ ਨਾਲ ਦੂਸਰੇ ਅਤੇ ਖਰੜ-1 ਬਲਾਕ 11.53 ਫ਼ੀਸਦੀ ਵਾਧੇ ਨਾਲ ਤੀਸਰੇ ਸਥਾਨ ’ਤੇ ਚੱਲ ਰਿਹਾ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਲਗਾਤਾਰ ਦੂਸਰੇ ਸਾਲ ਹੋਏ ਵੱਡੇ ਵਾਧੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਜਰਨੈਲ ਸਿੰਘ ਕਾਲੇਕੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਹਰ ਪੱਖੋਂ ਉੱਚਾ ਚੁੱਕਣ ਦੀ ਬਦੌਲਤ ਹੀ ਇਨ੍ਹਾਂ ਸਕੂਲਾਂ ’ਚ ਵਿਦਿਆਰਥੀਆਂ ਦਾ ਵੱਡਾ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਨਵਜੋਤ ਸਿੱਧੂ' ਖ਼ਿਲਾਫ਼ Action ਲੈਣ ਦੀ ਤਿਆਰੀ, Tweets ਨੂੰ ਲੈ ਕੇ ਬਣਾਈ ਜਾ ਰਹੀ ਖ਼ਾਸ ਰਿਪੋਰਟ

ਹਰ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਨੂੰ ਤਰਜ਼ੀਹ ਦੇਣ ਲੱਗੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਬਲਜਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਸ ਵਾਰ ਦਾਖ਼ਲਾ ਮੁਹਿੰਮ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚਲਾਈ ਹੋਈ ਹੈ। ਵਿਭਾਗ ਵੱਲੋਂ ਜਿੱਥੇ ਰਵਾਇਤੀ ਸਾਧਨਾਂ ਨੁੱਕੜ ਨਾਟਕਾਂ, ਗੀਤਾਂ, ਮੇਲਿਆਂ ਅਤੇ ਧਾਰਮਿਕ ਸਥਾਨਾਂ ਰਾਹੀਂ ਬੇਨਤੀਆਂ ਅਤੇ ਘਰ-ਘਰ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ’ਚ ਬੱਚੇ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਟੀ. ਵੀ., ਰੇਡੀਓ, ਸੋਸ਼ਲ ਮੀਡੀਆ, ਪੋਸਟਰਾਂ, ਪੈਂਫਲੈੱਟਾਂ ਅਤੇ ਫਲੈਕਸਾਂ ਰਾਹੀਂ ਵੀ ਪ੍ਰਚਾਰ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News