ਪੰਜਾਬ ਸਰਕਾਰ ਦਾ ਫੈਸਲਾ, ਪੈਨਸ਼ਨ ਧਾਰਕਾਂ ਅਤੇ ਤੇਜ਼ਾਬ ਪੀੜਤਾਂ ਲਈ ਕੀਤਾ ਵੱਡਾ ਐਲਾਨ

05/22/2017 7:27:22 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਪੈਨਸ਼ਨ ਧਾਰਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੈਨਸ਼ਨ ਲਈ 256 ਕਰੋੜ ਰੁਪਏ ਵੰਡਣ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਲੇ ਹਫਤੇ ਤੋਂ ਪੈਨਸ਼ਨ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਰਕਮ ਰਾਹੀਂ ਨਵੰਬਰ ਅਤੇ ਦਸੰਬਰ ਮਹੀਨੇ ਦੀ ਰੁਕੀ ਹੋਈ ਪੈਨਸ਼ਨ ਵੰਡੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਵਾਰ ਪੈਨਸ਼ਨ ਧਾਰਕਾਂ ਨੂੰ ਬੈਂਕ ਅਕਾਊਂਟ ਰਾਹੀਂ ਆਨਲਾਈਨ ਪੈਸ਼ਨ ਦਿੱਤੀ ਜਾਵੇਗੀ ਅਤੇ ਇਹ ਕੰਮ ਅਗਲੇ ਹਫਤੇ ਸ਼ੁਰੂ ਹੋ ਜਾਵੇਗਾ।
ਹੋਰ ਜਾਣਕਾਰੀ ਦਿੰਦੇ ਹੋਏ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਵਿਚ ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਪੀੜਤਾਂ ਲਈ ਸਰਕਾਰ ਨੇ ਨਵੀਂ ਪਾਲਿਸੀ ਬਣਾਈ ਹੈ। ਜਿਸ ਵਿਚ ਪੀੜਤਾ ਨੂੰ 8 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਜੇਕਰ ਤੇਜ਼ਾਬ ਪੀੜਤਾ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ੇ ਦੇ ਰੂਪ ਵਿਚ ਦਿੱਤੇ ਜਾਣਗੇ। ਚਿਹਰਾ ਖਰਾਬ ਹੋਣ ''ਤੇ ਉਸ ਨੂੰ 3 ਲੱਖ ਰੁਪਏ ਆਰਥਿਕ ਸਹਾਇਤਾ ਦੇ ਰੂਪ ਵਿਚ ਦਿੱਤੇ ਜਾਣਗੇ। ਜੇਕਰ ਕਿਸੇ ਪੀੜਤ ਨੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਲਿਆ ਹੈ ਤਾਂ ਉਸ ਨੂੰ ਇਲਾਜ ਦੇ ਪੈਸੇ ਵਾਪਸ ਦਿੱਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੀ ਕੈਬਨਿਟ ਮੀਟਿੰਗ ਵਿਚ ਇਸ ਪਾਲਸੀ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।


Gurminder Singh

Content Editor

Related News