ਪੰਜਾਬ ਦੇ 50 ਹਜ਼ਾਰ ਪਰਿਵਾਰਾਂ ਦੀ ਬਦਲੀ ਕਿਸਮਤ, ਬਿਨਾ ਰਿਸ਼ਵਤ ਦੇ ਮਿਲ ਰਹੀਆਂ ਸਰਕਾਰੀ ਨੌਕਰੀਆਂ
Tuesday, Dec 10, 2024 - 01:13 PM (IST)
ਜਲੰਧਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਮੁਤਾਬਕ ਰੁਜ਼ਗਾਰ ਦੇਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਆਪਣੇ ਢਾਈ ਸਾਲਾਂ ਦੇ ਕਾਰਜਕਾਲ ਵਿਚ ਹੀ ਸਰਕਾਰ ਵੱਲੋਂ 50 ਹਜ਼ਾਰ ਤੋਂ ਵੀ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ। ਖ਼ਾਸ ਗੱਲ ਇਹ ਹੈ ਕਿ ਸਰਕਾਰ ਵੱਲੋਂ ਇਹ ਸਾਰੀ ਪ੍ਰਕਿਰਿਆ ਬਿਲਕੁੱਲ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਢੰਗ ਨਾਲ ਮੁਕੰਮਲ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਬਿਨਾ ਕਿਸੇ ਕਿਸਮ ਦੇ ਭ੍ਰਿਸ਼ਟਾਚਾਰ ਜਾਂ ਸਿਫ਼ਾਰਸ਼ ਦੇ ਮੈਰਿਟ ਦੇ ਅਧਾਰ 'ਤੇ ਨੌਕਰੀਆਂ ਮਿਲ ਰਹੀਆਂ ਹਨ।
ਹਾਲ ਹੀ ਵਿਚ ਪੰਜਾਬ ਪੁਲਸ ਵਿਚ ਨੌਕਰੀ ਹਾਸਲ ਕਰਨ ਵਾਲੀ ਸ਼ਿਵਮ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਨੇ ਕੁਝ ਦੇਰ ਪਹਿਲਾਂ ਹੀ ਜਲੰਧਰ ਵਿਚ ਸਬ-ਇੰਸਪੈਕਟਰ ਵਜੋਂ ਜੁਆਇਨ ਕੀਤਾ ਹੈ। ਉਸ ਦਾ ਬਚਪਨ ਦਾ ਸੁਫ਼ਨਾ ਵੀ ਸੀ ਕਿ ਉਹ ਪੁਲਸ ਮਹਿਕਮੇ ਵਿਚ ਸੇਵਾਵਾਂ ਨਿਭਾਵੇ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਨੌਕਰੀ ਹਾਸਲ ਕਰਨ ਲਈ ਉਸ ਨੂੰ 1 ਵੀ ਰੁਪਈਆ ਨਹੀਂ ਦੇਣਾ ਪਿਆ ਤੇ ਨਾ ਹੀ ਕਿਸੇ ਕਿਸਮ ਦੀ ਸਿਫ਼ਾਰਿਸ਼ ਦੀ ਲੋੜ ਪਈ। ਉਸ ਨੂੰ ਮਿਹਨਤ ਦੇ ਅਧਾਰ 'ਤੇ ਨੌਕਰੀ ਮਿਲੀ ਹੈ।
ਸ਼ਿਵਮ ਸਿੰਘ ਨੇ ਸਰਕਾਰੀ ਸਕੂਲ-ਕਾਲਜ ਤੋਂ ਹੀ ਸਿੱਖਿਆ ਹਾਸਲ ਕੀਤੀ ਹੈ। ਉਸ ਨੇ 2023 ਵਿਚ ਇਸ ਨੌਕਰੀ ਲਈ ਪ੍ਰੀਖਿਆ ਦਿੱਤੀ ਸੀ। ਦਸੰਬਰ ਮਹੀਨੇ ਵਿਚ ਉਨ੍ਹਾਂ ਦੇ ਫਿਜ਼ੀਕਲ ਟ੍ਰਾਇਲ ਹੋਏ ਤੇ ਫ਼ਰਵਰੀ ਵਿਚ ਨਤੀਜੇ ਐਲਾਨ ਦਿੱਤੇ ਗਏ। ਸਤੰਬਰ ਮਹੀਨੇ ਵਿਚ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ ਹਨ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਹਰ ਜਾਣ ਦੀ ਦੌੜ ਛੱਡ ਕੇ ਸਰਕਾਰੀ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨ। ਉਹ ਇੱਥੇ ਰਹਿ ਕੇ ਨਾ ਸਿਰਫ਼ ਆਪਣੇ ਮਾਪਿਆਂ ਦੀ ਸੇਵਾ ਕਰ ਸਕਣਗੇ, ਸਗੋਂ ਪੰਜਾਬੀਅਤ ਨੂੰ ਵੀ ਸੁਰੱਖਿਅਤ ਰੱਖਣ ਵਿਚ ਆਪਣਾ ਯੋਗਦਾਨ ਪਾਉਣਗੇ। ਪੰਜਾਬ ਸਰਕਾਰ ਲਗਾਤਾਰ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਨੌਕਰੀਆਂ ਦੇ ਮੌਕੇ ਦੇ ਰਹੀ ਹੈ।