ਸਰਕਾਰ ਵਲੋਂ ਸੂਬੇ ਦੇ ਪੇਂਡੂ ਜਲ ਘਰਾਂ ਦੇ ਬਿਜਲੀ ਬਿੱਲਾਂ ਦੀ ਬਕਾਇਆ ਰਕਮ 200 ਕਰੋਡ਼ ਮਾਫ

06/13/2019 7:32:26 PM

ਪਟਿਆਲਾ/ਰੱਖਡ਼ਾ, (ਰਣਜੀਤ ਰਾਣਾ)-ਲੰਮੇ ਸਮੇਂ ਤੋਂ ਜਲ ਸਪਲਾਈ ਸੈਨੀਟੇਸ਼ਨ ਅਧੀਨ ਪੇਂਡੂ ਜਲ ਘਰਾਂ ਵਲ ਬਕਾਇਆ ਖਡ਼ੇ ਕਰੋਡ਼ਾਂ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਕਈ ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਸਨ। ਜਿਸ ਕਰਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਹੀ ਢੰਗ ਨਾਲ ਨਹੀਂ ਸੀ ਮਿਲ ਰਿਹਾ। ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਹਰ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੇਂਡੂ ਜਲ ਘਰਾਂ ਦਾ 200 ਕਰੋਡ਼ ਰੁਪਏ ਮਾਫ ਕਰਨ ਲਈ ਪਾਵਰਕਾਮ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਜਿਸ ਨਾਲ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਨੂੰ ਵੱਡੀ ਰਾਹਤ ਮਿਲੀ ਹੈ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਵਿਭਾਗ ਦੇ ਮੁੱਖ ਚੀਫ ਇੰਜੀਨੀਅਰ (ਦੱਖਣ) ਰਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਜਿਥੇ ਵਿਭਾਗ ਨੂੰ ਰਾਹਤ ਮਿਲੇਗੀ ਉਥੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਪੇਂਡੂ ਜਲ ਘਰਾਂ ਨੂੰ ਘੱਟ ਰੇਟਾਂ ਤੇ ਬਿਜਲੀ ਸਪਲਾਈ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿਚ ਹਰ ਘਰ ਨੂੰ ਸ਼ੁੱਧ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਪੰਜਾਬ ਅੰਦਰ ਨਾਬਾਰਡ ਦੀਆਂ 257 ਕਰੋਡ਼ ਰੁਪਏ ਦੀਆਂ ਨਵੀਆਂ ਸਕੀਮਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਵਿਭਾਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਿ ਉਹ ਪੇਂਡੂ ਜਲ ਘਰਾਂ ਦੇ ਪਾਣੀ ਦੀ ਸਿਰਫ ਪੀਣ ਵਾਸਤੇ ਹੀ ਵਰਤੋਂ ਕਰਨ।


DILSHER

Content Editor

Related News