ਪੰਜਾਬ ਸਰਕਾਰ ਨੇ ਰੋਲ੍ਹਿਆ ''ਹੋਮਗਾਰਡਾਂ'' ਦਾ ਬੁਢਾਪਾ, ਖਾਲੀ ਹੱਥੀਂ ਘਰਾਂ ਨੂੰ ਤੋਰੇ

03/26/2019 8:58:14 AM

ਚੰਡੀਗੜ੍ਹ : ਪੰਜਾਬ 'ਚ ਅੱਤਵਾਦ ਅਤੇ ਮਾੜੇ ਹਾਲਾਤ ਦੌਰਾਨ ਜਿਨ੍ਹਾਂ ਹੋਮਗਾਰਡਾਂ ਨੂੰ 'ਮੁਲਾਜ਼ਮ' ਕਹਿ ਕੇ ਡਿਊਟੀਆਂ ਲਈਆਂ ਜਾਂਦੀਆਂ ਸਨ, ਉਨ੍ਹਾਂ ਦੀ ਜਦੋਂ ਪੈਨਸ਼ਨ ਲੈਣ ਦੀ ਵਾਰੀ ਆਈ ਤਾਂ ਸਰਕਾਰ ਨੇ ਇਨ੍ਹਾਂ 'ਮੁਲਾਜ਼ਮਾਂ' ਨੂੰ 'ਵਾਲੰਟੀਅਰਾਂ' ਦਾ ਨਾਂ ਦੇ ਕੇ ਖਾਲੀ ਹੱਥੀਂ ਘਰਾਂ ਨੂੰ ਤੋਰ ਦਿੱਤਾ, ਜਿਸ ਕਾਰਨ ਇਨ੍ਹਾਂ ਦਾ ਬੁਢਾਪਾ ਰੁਲ੍ਹ ਗਿਆ ਹੈ। ਪੰਜਾਬ ਸਰਕਾਰ ਵਲੋਂ 5 ਹਜ਼ਾਰ ਤੋਂ ਵੱਧ ਹੋਮਗਾਰਡ ਵਾਲੰਟੀਅਰਾਂ ਨੂੰ 58 ਸਾਲ ਦੀ ਉਮਰ 'ਤੇ ਸੇਵਾਮੁਕਤ ਕਰ ਦਿੱਤਾ ਗਿਆ ਹੈ। ਹੋਮਗਾਰਡ ਵੈੱਲਫੇਅਰ ਐਸੋਸੀਏਸ਼ਨ (ਸੇਵਾਮੁਕਤ) ਪੰਜਾਬ ਵਲੋਂ ਪਿਛਲੇ 259 ਦਿਨਾਂ ਤੋਂ ਸੌਲਖੀਆਂ ਟੋਲ ਪਲਾਜ਼ਾ (ਰੋਪੜ) ਨੇੜੇ ਲਾਏ ਧਰਨੇ ਦੌਰਾਨ ਭਾਵੇਂ ਦੋ ਹੋਮਗਾਰਡ ਵਾਲੰਟੀਅਰ ਸ਼ੇਰ ਸਿੰਘ, ਫਾਜ਼ਿਲਕਾ ਅਤੇ ਹਰਭਜਨ ਸਿੰਘ, ਰੋਪੜ ਦੀ ਮੌਤ ਹੋ ਗਈ ਪਰ ਸਰਕਾਰ ਟੱਸ ਤੋਂ ਮਸ ਨਹੀਂ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਹੋਮਗਾਰਡਾਂ ਨੂੰ 'ਵਾਲੰਟੀਅਰ' ਐਲਾਨ ਕੇ ਉਨ੍ਹਾਂ ਨੂੰ ਲਾਭ ਦੇਣ ਤੋਂ ਟਾਲਾ ਵੱਟ ਲਿਆ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ ਹੋਮਗਾਰਡਾਂ 'ਤੇ ਸਿਵਲ ਡਿਫੈਂਸ ਪੰਜਾਬ ਨੇ ਹੋਮਗਾਰਡਾਂ ਨੂੰ ਪੂਰੀ ਜ਼ਿੰਦਗੀ ਮਾਣ ਭੱਤਾ ਦੇਣ ਦੀ ਸਿਫਾਰਿਸ਼ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਅਸਲ 'ਚ ਹੋਮਗਾਰਡਾਂ ਨੂੰ ਸੇਵਾਮੁਕਤੀ ਵੇਲੇ ਵੈੱਲਫੇਅਰ ਫੰਡ 'ਚੋਂ ਸਿਰਫ 10 ਹਜ਼ਾਰ ਰੁਪਏ ਅਤੇ 2500 ਰੁਪਏ ਦੀ ਕੀਮਤ ਦਾ ਤੋਹਫਾ ਦੇ ਕੇ ਘਰਾਂ ਨੂੰ ਤੋਰ ਦਿੱਤਾ ਜਾਂਦਾ ਹੈ। ਸਰਕਾਰ ਵਲੋਂ ਡਿਊਟੀਆਂ 'ਤੇ ਤਾਇਨਾਤ ਹੋਮਗਾਰਡਾਂ ਨੂੰ 1030 ਰੁਪਏ ਪ੍ਰਤੀ ਦਿਨ ਨਿਰਬਾਹ ਭੱਤਾ ਅਤੇ 80 ਰੁਪਏ ਪ੍ਰਤੀ ਮਹੀਨਾ ਵਰਦੀ ਧੁਲਾਈ ਭੱਤਾ ਹੀ ਦਿੱਤਾ ਜਾਂਦਾ ਹੈ। ਕਿਸੇ ਹੋਮਗਾਰਡ ਦੇ ਹਾਦਸੇ ਦੌਰਾਨ ਜ਼ਖਮੀਂ ਹੋਣ ਦੀ ਸੂਰਤ 'ਚ ਉਸ ਦੇ ਪੂਰੇ ਸੇਵਾਕਾਲ ਦੌਰਾਨ 30 ਹਜ਼ਾਰ ਰੁਪਏ ਮੈਡੀਕਲ ਖਰਚਾ ਦਿੱਤਾ ਜਾਂਦਾ ਹੈ। ਇਸ ਸਬੰਧੀ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਹੋਮਗਾਰਡਾਂ ਨੂੰ ਪੰਜਾਬ ਪੁਲਸ ਦੇ ਮੁਲਾਜ਼ਮਾਂ ਬਰਾਬਰ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਰਧ ਸਰਕਾਰੀ ਪੱਤਰ ਲਿਖਿਆ ਹੈ।


Babita

Content Editor

Related News