ਪੰਜਾਬ ਸਰਕਾਰ ਲਾਰੇ ਛੱਡ ਕੇ ਹਕੀਕਤ ’ਚ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਏ ਕਰੋੜਾਂ ਰੁਪਏ : ਕਿਸਾਨ ਆਗੂ
Saturday, Aug 27, 2022 - 11:18 PM (IST)
ਫਗਵਾੜਾ (ਜਲੋਟਾ)-ਗੰਨਾ ਮਿੱਲ ਵੱਲ ਰਹਿੰਦਾ ਬਕਾਇਆ ਨਾ ਦੇਣ ਦੇ ਵਿਰੋਧ ’ਚ ਫਗਵਾੜਾ ਵਿਖੇ ਕੌਮੀ ਰਾਜਮਾਰਗ ਨੰਬਰ ਇਕ ’ਤੇ ਬੈਠੇ ਕਿਸਾਨਾਂ ਦਾ ‘ਆਪ’ ਸਰਕਾਰ ਅਤੇ ਮਿੱਲ ਖ਼ਿਲਾਫ਼ ਰੋਸ ਧਰਨੇ ਅਤੇ ਪ੍ਰਦਰਸ਼ਨਾਂ ਦਾ ਦੌਰ ਅੱਜ ਲਗਾਤਾਰ 20ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਬੀਤੇ ਦਿਨਾਂ ਵਾਂਗ ਹੀ ਅੱਜ ਵੀ ਕਿਸਾਨਾਂ ਵੱਲੋਂ ਕੌਮੀ ਰਾਜਮਾਰਗ ਸਮੇਤ ਇਲਾਕੇ ਦੀਆਂ ਸੜਕਾਂ ਆਦਿ ਕਿਸੇ ਵੀ ਥਾਂ ’ਤੇ ਟ੍ਰੈਫਿਕ ਆਦਿ ਨਹੀਂ ਰੋਕਿਆ ਗਿਆ, ਜਿਸ ਕਾਰਨ ਫਗਵਾੜਾ ’ਚ ਟ੍ਰੈਫਿਕ ਆਮ ਦਿਨਾਂ ਵਾਂਗ ਹੀ ਚਾਲੂ ਰਿਹਾ ਹੈ। ਉਧਰ ਰੋਸ ਧਰਨੇ ’ਤੇ ਬੈਠੇ ਹੋਏ ਕਿਸਾਨਾਂ ਨੇ ਸਾਫ਼ ਸ਼ਬਦਾਂ ’ਚ ਫੇਰ ਕਿਹਾ ਹੈ ਕਿ ਜਦ ਤੱਕ ਪੰਜਾਬ ਸਰਕਾਰ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਬਣਦੀ 72 ਕਰੋੜ ਰੁਪਏ ਦੀ ਰਕਮ ਜਮ੍ਹਾ ਨਹੀਂ ਕਰਾ ਦਿੰਦੀ ਹੈ, ਉਦੋਂ ਤਕ ਉਹ ਫਗਵਾੜੇ ’ਚ ਜਾਰੀ ਕਿਸਾਨ ਅੰਦੋਲਨ ’ਤੇ ਪੂਰੀ ਤਰ੍ਹਾਂ ਨਾਲ ਡਟੇ ਰਹਿਣਗੇ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੇ ਮੁੱਦੇ ’ਤੇ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਆਹਮੋ-ਸਾਹਮਣੇ, ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਕਿਸਾਨ ਵੀਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਲਾਰੇ ਲੱਪਿਆਂ ਦੀ ਰਾਜਨੀਤੀ ਨੂੰ ਛੱਡ ਕੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਬਣਦੀ ਕਰੋੜਾਂ ਰੁਪਏ ਦੀ ਬਕਾਇਆ ਰਕਮ ਪਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਗਏ ਵਾਅਦੇ ਮੁਤਾਬਕ ਗੰਨਾ ਮਿੱਲ ਮਾਲਕਾਂ ਦੀ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਭੂਨਾ ਜ਼ਮੀਨ ਦੀ ਰਜਿਸਟਰੀ ਕਰਵਾ ਕੇ 30 ਅਗਸਤ ਤੱਕ ਉਨ੍ਹਾਂ ਦੇ ਖਾਤਿਆਂ ’ਚ 24 ਕਰੋੜ ਰੁਪਏ ਦੀ ਰਕਮ ਫੌਰੀ ਤੌਰ ’ਤੇ ਜਮ੍ਹਾ ਕਰਵਾਏ। ਕਿਸਾਨਾਂ ਨੇ ਇਕ ਆਵਾਜ਼ ’ਚ ਕਿਹਾ ਕਿ ਉਨ੍ਹਾਂ ਦੀ ਗੰਨਾ ਦੀ ਫ਼ਸਲ ਦੇ ਪੈਸੇ ਦੇਣ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਭਗਵੰਤ ਮਾਨ ਸਰਕਾਰ ਦੀ ਹੀ ਬਣਦੀ ਹੈ ਅਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਸੇ ਵੀ ਤਰ੍ਹਾਂ ਨਾਲ ਪਿੱਛੇ ਨਹੀਂ ਹਟ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਤਕ ਤਾਂ ਸਿਵਾਏ ਭਰੋਸਿਆਂ ਤੋਂ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਾਇਆ ਗਿਆ ਹੈ।