ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਾਉਣ ਦਾ ਐਲਾਨ
Monday, Jun 06, 2022 - 11:36 AM (IST)
 
            
            ਜਲੰਧਰ (ਧਵਨ)- ਸੂਬੇ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣ ਦੇ ਇਰਾਦੇ ਨਾਲ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਪੰਜਾਬ ਸਰਕਾਰ ਨੇ ਜੁਲਾਈ ਮਹੀਨੇ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਵਿਸ਼ਵ ਵਾਤਾਵਰਣ ਦਿਵਸ 2022 ਮਨਾਉਣ ਲਈ ਵਰਚੁਅਲ ਰਾਜ ਪੱਧਰੀ ਸਮਾਗਮ ਦੌਰਾਨ ਰਾਹੁਲ ਤਿਵਾੜੀ ਸਕੱਤਰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਨੇ ਵਾਤਾਵਰਣ ਦੀ ਸੁਰੱਖਿਆ ਲਈ ਸੂਬਾ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣ ਲਈ ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਾਈ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੂਰੇ ਸੂਬੇ ’ਚ ਅਤਿ-ਆਧੁਨਿਕ 55 ਐੱਸ. ਟੀ. ਪੀ.ਪਲਾਂਟ ਦੀ ਸਥਾਪਨਾ ਦਾ ਐਲਾਨ ਕਰਦਿਆਂ ਸਕੱਤਰ ਨੇ ਕਿਹਾ ਕਿ ਪਾਣੀ ਦੇ ਪ੍ਰਦੂਸ਼ਣ ਦੇ ਪੱਧਰ ਨੂੰ ਕੁਝ ਹੱਦ ਤੱਕ ਘਟਾਉਣ ਦੇ ਨਾਲ-ਨਾਲ ਸਾਫ਼ ਪਾਣੀ ਦੀ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਲਈ ਵਰਤੋਂ ਕੀਤੀ ਜਾਵੇਗੀ। ਰਾਜ ਸਰਕਾਰ ਨੇ ਉਦਯੋਗਿਕ ਇਕਾਈਆਂ ਵਿਚ ਅਤਿ ਆਧੁਨਿਕ ਮੀਟਰ ਲਾ ਕੇ ਆਧੁਨਿਕ ਯੂਨਿਟਾਂ ਦੀ ਆਨਲਾਈਨ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ । ਇਸ ਦੀ ਜਾਂਚ ਲਈ ਆਨਲਾਈਨ ਮੋਨੀਟਰਿੰਗ ਸਟੇਸ਼ਨ ਵੀ ਸ਼ੁਰੂ ਕੀਤੇ ਗਏ ਹਨ ਤਾਂ ਜੋ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕੀਤਾ ਜਾ ਸਕੇ। ਰਾਹੁਲ ਤਿਵਾੜੀ ਨੇ ਕਿਹਾ ਕਿ ਇਸ ਸਾਲ 1.20 ਕਰੋੜ ਰੁੱਖ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪੌਣ-ਪਾਣੀ ਐਕਸ਼ਨ ਪਲਾਨ 2.0 ਕਾਰਬਨ ਨਿਕਾਸ ਨੂੰ ਘਟਾਉਣ ਲਈ ਤਿਆਰ ਹੈ।
ਇਹ ਵੀ ਪੜ੍ਹੋ: ਕਪੂਰਥਲਾ ਤੋਂ ਵੱਡੀ ਖ਼ਬਰ, PTU ਦੇ ਹੋਸਟਲ ’ਚ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਮੌਤ
ਇਕ ਹੋਰ ਪਹਿਲਕਦਮੀ ਅਧੀਨ ਰਾਹੁਲ ਤਿਵਾੜੀ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਰਾਜ ਦੇ ਕੀਮਤੀ ਕੁਦਰਤੀ ਸੋਮਿਆਂ ਨੂੰ ਸੰਭਾਲਣ ਵਿੱਚ ਸ਼ਾਨਦਾਰ ਯੋਗਦਾਨ ਲਈ ਚਾਲੂ ਸਾਲ ਤੋਂ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਣ ਪੁਰਸਕਾਰ’ ਦੇਣ ਦਾ ਐਲਾਨ ਕੀਤਾ। ਇਹ ਪੁਰਸਕਾਰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਲਈ ਦਿੱਤਾ ਜਾਵੇਗਾ। ਇਹ ਐਵਾਰਡ ਧਰਤੀ ਦੇ ਮਹਾਨ ਪੁੱਤਰ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਰਾਹੁਲ ਤਿਵਾੜੀ ਨੇ ਲੁਧਿਆਣਾ ਵਿਖੇ ਸਥਾਪਿਤ ਤੰਦਰੁਸਤ ਪੰਜਾਬ ਮਿਸ਼ਨ ਅਤੇ ਕਪੂਰਥਲਾ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ, 50 ਐੱਮ. ਐੱਲ. ਡੀ . ਸਮਰੱਥਾ ਵਾਲੇ ਐਫ਼ਲੂਐਂਟ ਟਰੀਟਮੈਂਟ ਪਲਾਂਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀ ਇੱਕ ਗੈਲਰੀ ਲੋਕਾਂ ਨੂੰ ਸਮਰਪਿਤ ਕੀਤੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ, ਮੈਂਬਰ ਸਕੱਤਰ ਕਰੁਨੇਸ਼ ਗਰਗ, ਡਾ. ਮਨੀਸ਼ ਕੁਮਾਰ, ਡਾ. ਨੀਲੀਮਾ, ਡਾ. ਜੇ. ਕੇ. ਅਰੋੜਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਘੱਲੂਘਾਰਾ ਦੀ ਬਰਸੀ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            