ਅੰਗਹੀਣਾਂ ਕੀਤਾ ਪੰਜਾਬ ਸਰਕਾਰ ਦਾ ਪਿੱਟ-ਸਿਆਪਾ

Saturday, Jul 28, 2018 - 03:32 AM (IST)

ਅੰਗਹੀਣਾਂ ਕੀਤਾ ਪੰਜਾਬ ਸਰਕਾਰ ਦਾ ਪਿੱਟ-ਸਿਆਪਾ

ਮਾਨਸਾ(ਮਿੱਤਲ)-ਅੰਗਹੀਣ ਵਿਅਕਤੀਆਂ ਦੀਆਂ ਲੰਮੇ ਸਮੇਂ   ਤੋਂ ਲਟਕਦੀਆਂ ਆ ਰਹੀਆਂ ਮੁਸ਼ਕਲਾਂ ਅਤੇ ਹੱਕੀ ਮੰਗਾਂ ਨੂੰ ਹੱਲ ਕਰਨ ਪ੍ਰਤੀ ਪੰਜਾਬ ਸਰਕਾਰ ਵੱਲੋਂ ਅਪਣਾਈ ਜਾ ਰਹੀ ਲਾਰਾ ਲਾਊ ਨੀਤੀ ਵਿਰੁੱਧ ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੀ ਜ਼ਿਲਾ ਮਾਨਸਾ ਇਕਾਈ ਦੀ ਅਗਵਾਈ ਅਧੀਨ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਇਕੱਤਰ ਹੋਏ ਅੰਗਹੀਣਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਅਤੇ ਸਰਕਾਰ ਵਿਰੁੱਧ ਪਿੱਟ-ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਸਥਾਨਕ ਬਾਬਾ ਭਾਈ ਗੁਰਦਾਸ ਧਰਮਸ਼ਾਲਾ ਵਿਖੇ ਇਕੱਤਰ ਹੋਏ ਅੰਗਹੀਣਾਂ ਨੇ ਆਪਣੀਆਂ ਦਰਪੇਸ਼ ਮੁਸ਼ਕਲਾਂ ਅਤੇ ਹੱਕੀ ਮੰਗਾਂ ਪ੍ਰਤੀ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਅੰਗਹੀਣ ਕੋਟੇ ਅਧੀਨ ਬੈਕਲਾਗ ਦੀਆਂ ਖਾਲੀ ਪਈਆਂ ਅਾਸਾਮੀਆਂ ਨੂੰ ਭਰਨ, ਪੈਨਸ਼ਨ ਦੀ ਰਾਸ਼ੀ ਵਧਾ 2500 ਰੁਪਏ ਕਰਨ ਸਮੇਤ ਉਨ੍ਹਾਂ ਦੇ ਜੀਵਨ ਲਈ ਲੋਡ਼ੀਂਦੀਆਂ ਮੁੱਢਲੀਆਂ ਸਹੂਲਤਾਂ ਪਹਿਲ ਦੇ ਅਾਧਾਰ ’ਤੇ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਪੂਰਾ ਕਰਨ ਲਈ ਪੰਜਾਬ ਸਰਕਾਰ ਲਾਰਾ ਲਾਊ ਨੀਤੀ ਅਪਣਾ ਰਹੀ ਹੈ, ਜਿਸ ਦੇ ਵਿਰੋਧ ’ਚ ਉਨ੍ਹਾਂ  ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਨੁੱਖੀ ਅਧਿਕਾਰਾਂ ਦੀ ਜਿੰਨੀ ਉਲੰਘਣਾ ਅਤੇ ਅਣਦੇਖੀ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋ ਰਹੀ ਹੈ, ਓਨੀ ਦੁਨੀਆ ਦੇ ਕਿਸੇ ਹੋਰ ਸੂਬੇ ਜਾਂ ਮੁਲਕ ’ਚ ਨਹੀਂ ਹੁੰਦੀ।  ਉਨ੍ਹਾਂ ਦੋਸ਼ ਲਾਇਆ ਕਿ ਸਾਡੇ ਦੇਸ਼ ਅਤੇ ਸੂਬੇ ਦੇ ਹਾਲਾਤ ਇਹ ਹਨ ਕਿ ਹਰ ਪੱਧਰ ’ਤੇ ਆਮ ਲੋਕਾਂ ਤੇ ਅੰਗਹੀਣਾਂ ਨਾਲ ਨਾਇਨਸਾਫੀ ਹੋ ਰਹੀ ਹੈ ਅਤੇ ਸਰਦੇ-ਪੁੱਜਦੇ ਲੋਕ ਤਾਂ ਆਪਣੀ ਪਹੁੰਚ ਅਤੇ ਪੈਸੇ ਦੇ ਜ਼ੋਰ ਨਾਲ ਆਪਣੇ ਹੱਕ ਪ੍ਰਾਪਤ ਕਰ ਲੈਂਦੇ ਹਨ ਪਰ ਅੰਗਹੀਣ ਤੇ ਗਰੀਬ ਲੋਕਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਸਮੁੱਚੇ ਅੰਗਹੀਣਾਂ ਨੂੰ ਹਰ ਪੱਧਰ ’ਤੇ ਹੋ ਰਹੀਆਂ ਧੱਕੇਸ਼ਾਹੀਆਂ, ਵਧੀਕੀਆਂ ਅਤੇ ਬੇਇਨਸਾਫੀਆਂ ਦਾ ਐਸੋਸੀਏਸ਼ਨ ਦੇ ਬੈਨਰ ਅਧੀਨ  ਇਕਜੁੱਟ ਹੋ ਕੇ ਟਾਕਰਾ ਕਰਨ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਅੰਗਹੀਣ ਵਿਅਕਤੀਆਂ ਦੇ ਮਸਲਿਆਂ ਨੂੰ ਤੁਰੰਤ ਸੁਲਝਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਅਜੇ ਵੀ ਸਰਕਾਰ ਨੇ ਅੰਗਹੀਣ ਮਸਲਿਆਂ ਦਾ ਹੱਲ ਕਰਨ ’ਚ ਦੇਰੀ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਵਿਨਾਸ਼ ਸ਼ਰਮਾ, ਵੀਰ ਸਿੰਘ, ਜਸਦੇਵ ਸ਼ਰਮਾ, ਗੁਰਸੇਵਕ ਸਿੰਘ, ਸੁਖਜੀਤ ਸਿੰਘ, ਲਾਭ ਸਿੰਘ, ਜੋਤੀ ਸ਼ਰਮਾ, ਨਵਨੀਤ ਕੌਰ, ਸੁਨੀਤਾ ਰਾਣੀ, ਗਮਦੂਰ ਸਿੰਘ, ਬਲਵਿੰਦਰ ਸਿੰਘ, ਸਮਰਜੀਤ ਸਿੰਘ, ਸੁਖਵਿੰਦਰ ਸਿੰਘ, ਬਿੰਦਰ ਸਿੰਘ, ਲਾਭ ਰਾਏਪੁਰ, ਜਗਜੀਤ ਸਿੰਘ, ਅਸੀਮ ਕੁਮਾਰ, ਬੂਟਾ ਸਿੰਘ ਅਤੇ ਸੁਰਿੰਦਰ ਕੁਮਾਰ ਮੌਜੂਦ ਸਨ। 


Related News