ਪੰਜਾਬ ਸਰਕਾਰ ਸਾਕਾਰ ਕਰੇਗੀ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ : ਅਰੋੜਾ
Friday, Jul 27, 2018 - 05:47 AM (IST)
ਹੁਸ਼ਿਆਰਪੁਰ(ਘੁੰਮਣ)-ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਜਿਥੇ ਪੰਜਾਬ ਸਰਕਾਰ ਨੇ ਰਾਜ ਪੱਧਰੀ ਰੋਜ਼ਗਾਰ ਮੇਲੇ ਲਾ ਕੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿਚ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਉਥੇ ਹੀ ਹੁਣ ਸਰਕਾਰ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਵੀ ਸਾਕਾਰ ਕਰਨ ਜਾ ਰਹੀ ਹੈ। ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਦਿਵਾ ਕੇ ਪੈਰਾਂ ਸਿਰ ਖੜ੍ਹੇ ਕਰਨ ਦੇ ਇਸ ਉਪਰਾਲੇ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਸੂਬਾ ਸਰਕਾਰ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ 30 ਜੁਲਾਈ ਨੂੰ ਸਰਕਾਰੀ ਕਾਲਜ ਮੋਹਾਲੀ ਵਿਖੇ ਲਾਇਆ ਜਾ ਰਿਹਾ ਹੈ, ਜਿਸ ਵਿਚ ਯੂ. ਕੇ., ਆਇਰਲੈਂਡ, ਦੁਬਈ, ਯੂ. ਏ. ਈ., ਕੁਵੈਤ, ਓਮਾਨ, ਕਤਰ, ਬਹਿਰੀਨ ਸਮੇਤ 8 ਦੇਸ਼ਾਂ ਦੀਆਂ ਅੰਤਰਰਾਸ਼ਟਰੀ ਕੰਪਨੀਆਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸੂਬਾ ਪੱਧਰੀ ਰੋਜ਼ਗਾਰ ਮੇਲਿਆਂ ਵਿਚ ਡੇਢ ਲੱਖ ਦੇ ਕਰੀਬ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਅੰਤਰਰਾਸ਼ਟਰੀ ਮੇਲੇ ਵਿਚ ਯੂ. ਕੇ., ਆਇਰਲੈਂਡ, ਯੂ. ਏ. ਈ. (ਦੁਬਈ), ਕੁਵੈਤ, ਓਮਾਨ, ਕਤਰ, ਬਹਿਰੀਨ ਅਤੇ ਕੁਝ ਹੋਰ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨਾਂ ਲਈ ਇਸ ਮੇਲੇ ਵਿਚ 40 ਕਾਊਂਟਰ ਲਾਏ ਜਾਣਗੇ, ਜਿਥੇ ਨਰਸਿੰਗ, ਹੌਸਪਟਿਲਟੀ, ਪਲੰਬਿੰਗ, ਵੈਲਡਿੰਗ, ਪ੍ਰਸ਼ਾਸਨ ਸਬੰਧੀ, ਹਾਊਸ ਕੀਪਿੰਗ, ਬਿਊਟੀ ਵੈੱਲਨੈੱਸ ਆਦਿ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 30 ਜੁਲਾਈ ਨੂੰ ਐੱਸ. ਏ. ਐੱਸ. ਨਗਰ ਵਿਖੇ ਲਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਕਰਨਗੇ ਅਤੇ ਕੁੱਝ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪਣਗੇ।
